ਵਾਸਿੰਗਟਨ – ਟਰੰਪ ਅਕਸਰ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਰਹਿੰਦੇ ਹਨ। ਹੁਣ ਉਸ ਨੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਗੱਲ ਕੀਤੀ ਹੈ। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਜੋਅ ਬਿਡੇਨ ’ਤੇ ਹਿੰਸਾ ਦੀ ਇਜਾਜ਼ਤ ਦੇਣ ਦਾ ਵੀ ਦੋਸ਼ ਲਗਾਇਆ ਹੈ। ਟਰੰਪ ਅਮਰੀਕਾ ਦੇ ਸੂਬੇ ਮਿਸ਼ੀਗਨ ’ਚ ਇੱਕ ਰੈਲੀ ਦੌਰਾਨ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ’ਤੇ ਬੋਲ ਰਹੇ ਸਨ। ਟਰੰਪ ਨੇ ਕਿਹਾ, ‘‘ਬਿਡੇਨ ਅਮਰੀਕਾ-ਮੈਕਸੀਕੋ ਸਰਹੱਦ ’ਤੇ ਦੇਸ਼ ’ਚ ਹਿੰਸਾ ਦੀ ਇਜਾਜ਼ਤ ਦੇ ਰਿਹਾ ਹੈ। ਇੱਥੋਂ ਦੇ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ’ਚ ਲੁੱਟ, ਬਲਾਤਕਾਰ, ਨਸਲਕੁਸ਼ੀ ਕਰ ਰਹੇ ਹਨ। ਉਹ ਸਾਡੇ ਦੇਸ਼ (ਅਮਰੀਕਾ) ਨੂੰ ਤਬਾਹ ਕਰ ਰਹੇ ਹਨ। ਇਹ ਬਹੁਤ ਗਲਤ ਹੈ।
ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ (ਸ਼ਰਨਾਰਥੀਆਂ) ਨੂੰ ਜਾਨਵਰ ਵੀ ਕਿਹਾ। ਉਨ੍ਹਾਂ ਕਿਹਾ ਕਿ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਗੈਰ-ਕਾਨੂੰਨੀ ਸੈਲਾਨੀ ਅਮਰੀਕਾ ’ਚ ਦਾਖਲ ਹੁੰਦੇ ਹਨ। ਜੇਕਰ ਸਾਡੀ ਸਰਕਾਰ ਸੱਤਾ ਵਿੱਚ ਆਈ ਤਾ ਸਰਹੱਦ ਨੂੰ ਬੰਦ ਕਰ ਦਿੱਤਾ ਜਾਵੇਗਾ। ਉਸ ਦਾ ਕਹਿਣਾ ਹੈ ਕਿ ਬਿਡੇਨ ਇਨ੍ਹਾਂ ਗੈਰ-ਕਾਨੂੰਨੀ ਸੈਲਾਨੀਆਂ ਨੂੰ ਰੋਕਣ ਲਈ ਕਦਮ ਨਹੀਂ ਚੁੱਕ ਰਹੇ ਹਨ। ਇਹੀ ਕਾਰਨ ਹੈ ਕਿ ਉਹ ਆਪਣੀ ਚੋਣ ਮੁਹਿੰਮ ਵਿੱਚ ਇਸ ਮੁੱਦੇ ਨੂੰ ਉਠਾਉਂਦੇ ਰਹਿੰਦੇ ਹਨ। ਦਰਅਸਲ ਨਵੰਬਰ 2024 ਵਿੱਚ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹਨ।
ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਬੀਤੇ ਦਿਨ ਮਿਸ਼ੀਗਨ ਰਾਜ ਵਿੱਚ ਇੱਕ ਰੈਲੀ ਦੌਰਾਨ ਟਰੰਪ ਨੇ ਕਿਹਾ, ‘‘ਅਮਰੀਕਾ-ਮੈਕਸੀਕੋ ਸਰਹੱਦ ਤੋਂ ਦੂਜੇ ਦੇਸ਼ਾਂ ਦੇ ਅਪਰਾਧੀ ਅਮਰੀਕਾ ਆ ਰਹੇ ਹਨ। ਉਹ ਅਮਰੀਕਾ ਵਿੱਚ ਕਤਲ ਅਤੇ ਚੋਰੀ ਵਰਗੇ ਅਪਰਾਧ ਵੀ ਕਰ ਰਹੇ ਹਨ। ਬਿਡੇਨ ਇਸ ਦੀ ਇਜਾਜ਼ਤ ਦੇ ਰਿਹਾ ਹੈ। ਇਸ ਤੋਂ ਕੱੁਝ ਦਿਨ ਪਹਿਲਾਂ ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਇੱਕ ਦਿਨ ਅਮਰੀਕਾ ਦੇ ਤਾਨਾਸਾਹ ਬਣ ਜਾਣਗੇ, ਜਿਸ ਨਾਲ ਉਹ ਮੈਕਸੀਕੋ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਸਕਦੇ ਹਨ।
ਨਿਊ ਹੈਂਪਸ਼ਾਇਰ ਵਿੱਚ ਇੱਕ ਰੈਲੀ ਦੌਰਾਨ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਵੀ ਗੱਲ ਕੀਤੀ। ਟਰੰਪ ਨੇ ਕਿਹਾ, ਮੈਂ ਦੇਸ ’ਚ ਸਭ ਤੋਂ ਵੱਡਾ ਡਿਪੋਰਟੇਸ਼ਨ ਆਪਰੇਸ਼ਨ ਚਲਾਵਾਂਗਾ। ‘ਨਿਊਯਾਰਕ ਟਾਈਮਜ਼’ ਦੇ ਮੁਤਾਬਕ ਟਰੰਪ ਨੇ ਨਿਊ ਹੈਂਪਸ਼ਾਇਰ ’ਚ ਕਿਹਾ ਕਿ ਸਾਡਾ ਦੇਸ਼ ਹਮਲੇ ਦੀ ਮਾਰ ਹੇਠ ਹੈ। ਜੇਕਰ ਮੈਂ ਅਹੁਦੇ ’ਤੇ ਆਉਂਦਾ ਹਾਂ, ਤਾਂ ਮੈਂ ਅਮਰੀਕਾ ਦੁਆਰਾ ਹੁਣ ਤਕ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦੇ ਆਪ੍ਰੇਸ਼ਨ ਨੂੰ ਚਲਾਉਣ ਲਈ ਸਾਰੀਆਂ ਜ਼ਰੂਰੀ ਰਾਜ, ਸਥਾਨਕ, ਸੰਘੀ ਅਤੇ ਫ਼ੌਜੀ ਸਕਤੀ ਦੀ ਵਰਤੋਂ ਕਰਾਂਗਾ। ਕੰਜ਼ਰਵੇਟਿਵ ਪੋਲੀਟਿਕਲ ਐਕਸ਼ਨ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਸੀਂ ਸਰਹੱਦ ’ਤੇ ਡਿਪੋਰਟ ਅਫ਼ਸਰਾਂ ਨੂੰ ਤਾਇਨਾਤ ਕਰਾਂਗੇ। ਅਸੀਂ ਹਰ ਗੈਰ-ਕਾਨੂੰਨੀ ਯਾਤਰੀ ਨੂੰ ਫ਼ੜਾਂਗੇ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਨੂੰ ਧੱਕਾਂਗੇ। ਅਸੀਂ ਸਰਹੱਦ ’ਤੇ ਕੰਧ ਬਣਾਵਾਂਗੇ।
ਗੈਰ-ਕਾਨੂੰਨੀ ਇੰਮੀਗ੍ਰੇਸਨ ਹਮੇਸ਼ਾ ਟਰੰਪ ਦੀ ਮੁਹਿੰਮ ਦਾ ਮੁੱਦਾ ਰਿਹਾ ਹੈ। ਟਰੰਪ ਨੇ 2016 ਦੀ ਚੋਣ ਮੁਹਿੰਮ ਵਿੱਚ ਵੀ ਇਹੀ ਮੁੱਦਾ ਉਠਾਇਆ ਸੀ। ਯੇਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਫ਼ਾਸੀਵਾਦ ’ਤੇ ਇੱਕ ਕਿਤਾਬ ਦੇ ਲੇਖਕ ਨੇ ਟਰੰਪ ਦੀਆਂ ਟਿੱਪਣੀਆਂ ’ਤੇ ਕਿਹਾ ਕਿ ਟਰੰਪ ਵਾਰ-ਵਾਰ ਇਨ੍ਹਾਂ ਸਬਦਾਂ ਦੀ ਵਰਤੋਂ ਕਰ ਰਹੇ ਹਨ, ਜੋ ਖ਼ਤਰਨਾਕ ਹੋ ਸਕਦੇ ਹਨ। ਟਰੰਪ ਦੇ ਸ਼ਬਦ ਨਾਜ਼ੀ ਹਿਟਲਰ ਦੇ ਬਿਆਨਾਂ ਤੋਂ ਪ੍ਰੇਰਿਤ ਜਾਪਦੇ ਹਨ। ਹਿਟਲਰ ਦੀ ਕਿਤਾਬ ‘ਮੇਨ ਕੈਮਫ਼’ ਅਨੁਸਾਰ ਹਿਟਲਰ ਨੇ ਵੀ ਯਹੂਦੀਆਂ ਲਈ ਇਹੋ ਜਿਹੀ ਭਾਸ਼ਾ ਵਰਤੀ ਸੀ। ਹਿਟਲਰ ਨੇ ਕਿਹਾ ਕਿ ਯਹੂਦੀ ਜਰਮਨੀ ਦੇ ਖੂਨ ਵਿੱਚ ਜ਼ਹਿਰ ਘੋਲਣ ਦਾ ਕੰਮ ਕਰ ਰਹੇ ਹਨ। ਟਰੰਪ ਨੇ ਕਿਹਾ ਹੈ ਕਿ ਜੇਕਰ ਉਹ ਦੂਜੀ ਵਾਰ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਰੂਸ-ਯੂਕ੍ਰੇਨ ਯੁੱਧ ਨੂੰ ਇੱਕ ਦਿਨ ਵਿੱਚ ਰੋਕ ਦੇਣਗੇ।
ਪਿਛਲੇ 11 ਸਾਲਾਂ ’ਚ ਅਮਰੀਕਾ ’ਚ ਭਾਰਤੀ ਸੈਲਾਨੀਆਂ ਦੀ ਗਿਣਤੀ ਡੇਢ ਗੁਣਾ ਵਧੀ ਹੈ, ਜਿਸ ’ਚ ਮੈਕਸੀਕੋ ਬੌਰਡਰ ਤੋਂ ਅਮਰੀਕਾ ਜਾਣ ਵਾਲਿਆਂ ’ਚ ਭਾਰਤੀ ਵੀ ਸਾਮਲ ਹਨ। ਅਮਰੀਕਾ ਲੰਬੇ ਸਮੇਂ ਤੋਂ ਭਾਰਤੀਆਂ ਦਾ ਪਸੰਦੀਦਾ ਦੇਸ਼ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੇ ਇੱਥੇ ਪਹੁੰਚਣ ਲਈ ਗਲਤ ਰਸਤੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਇੱਕ ਰਿਪੋਰਟ ਮੁਤਾਬਕ 2012 ਤੋਂ 2022 ਦਰਮਿਆਨ ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ 100 ਗੁਣਾ ਵਾਧਾ ਹੋਇਆ ਹੈ। 2012 ਵਿੱਚ ਯੂ.ਐੱਸ. ਕਸਟਮਜ਼ ਅਤੇ ਬੌਰਡਰ ਪੈਟਰੋਲ ਨੇ ਅਜਿਹੇ 642 ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਵਿੱਚ ਭਾਰਤੀ ਪ੍ਰਵਾਸੀਆਂ ਨੇ ਮੈਕਸੀਕੋ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਕਿ ਸਾਲ 2022 ਵਿੱਚ ਇਹ ਗਿਣਤੀ ਵੱਧ ਕੇ 63,927 ਹੋ ਗਈ ਹੈ। ਅਮਰੀਕਾ ਦੇ ਸਾਬਕਾ ਰਾਸਟਰਪਤੀ ਡੋਨਾਲਡ ਟਰੰਪ ਨੇ ਜੋਅ ਬਿਡੇਨ ’ਤੇ ਵਰ੍ਹਦਿਆਂ ਉਨ੍ਹਾਂ ਨੂੰ ਗੂੰਗਾ, ਪਾਗਲ ਅਤੇ ਬੇਕਾਰ ਕਿਹਾ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਪਾਗਲ ਹੋ ਗਏ ਹਨ ਅਤੇ ਦੇਸ਼ ਨੂੰ ਤੀਜੇ ਵਿਸ਼ਵ ਯੁੱਧ ਵਲ ਲੈ ਜਾਣਗੇ। ਰਾਇਟਰਜ਼ ਮੁਤਾਬਕ ਟਰੰਪ ਨੇ ਇੱਕ ਵੀਡੀਓ ’ਚ ਕਿਹਾ ਕਿ ਜੋਅ ਬਿਡੇਨ ਨਾ ਸਿਰਫ਼ ਮੂਰਖ ਹੈ, ਸਗੋਂ ਮੇਰਾ ਮੰਨਣਾ ਹੈ ਕਿ ਉਹ ਪਾਗਲ ਹੈ।