ਬ੍ਰਿਟੇਨ ਨੇ ਸਕਿੱਲਡ ਵਰਕਰ ਵੀਜ਼ਾ ਲਈ ਵੱਧ ਤਨਖਾਹ ਸੀਮਾ ਕੀਤੀ ਲਾਗੂ, ਹੁਣ ਇੰਨੇ ਪੌਂਡ ਵਧੇਗੀ ਤਨਖਾਹ

ਲੰਡਨ –  ਬ੍ਰਿਟੇਨ ’ਚ ਸਕਿੱਲਡ ਵਰਕਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਸਮੇਤ ਵਿਦੇਸ਼ੀ ਕਾਮਿਆਂ ਲਈ ਖੁਸ਼ਖਬਰੀ ਹੈ। ਦਰਅਸਲ, ਬ੍ਰਿਟੇਨ ਵਿੱਚ ਇਸ ਵੀਜ਼ੇ ਲਈ ਵੱਧ ਤਨਖਾਹ ਦੀ ਸੀਮਾ ਲਾਗੂ ਹੋ ਗਈ ਹੈ। ਹੁਣ ਹੁਨਰਮੰਦ ਵਰਕਰ ਵੀਜ਼ਾ ਬਿਨੈਕਾਰਾਂ ਦੀ ਤਨਖਾਹ ਸੀਮਾ 26,200 ਪੌਂਡ ਤੋਂ ਵਧ ਕੇ 38,700 ਪੌਂਡ ਹੋ ਜਾਵੇਗੀ। ਭਾਵ ਕੁੱਲ ਤਨਖਾਹ ਵਿੱਚ 48 ਫ਼ੀਸਦੀ ਦਾ ਵਾਧਾ ਹੋਵੇਗਾ। ਇਸ ਸਬੰਧ ਵਿੱਚ ਯੂ.ਕੇ. ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਇਹ ਮਜ਼ਬੂਤ ਅਤੇ ਉਚਿੱਤ ਉਪਾਵਾਂ ਦੇ ਪੈਕੇਜ ਦਾ ਹਿੱਸਾ ਹੈ। ਹੁਣ ਸਮਾਂ ਆ ਗਿਆ ਹੈ ਕਿ ਵਿਦੇਸ਼ਾਂ ਤੋਂ ਸਸਤੇ ਕਾਮਿਆਂ ਦਾ ਪ੍ਰਵਾਹ ਖ਼ਤਮ ਕੀਤਾ ਜਾਵੇ।
ਬ੍ਰਿਟੇਨ ਦੇ ਗ੍ਰਹਿ ਸਕੱਤਰ ਜੇਮਸ ਕਲੀਵਰਲੇ ਦਾ ਕਹਿਣਾ ਹੈ ਕਿ ‘ਇਹ ਮਿਹਨਤੀ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਘੱਟ ਤਨਖਾਹ ਕਾਰਨ ਇਹ ਲੋਕ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੀ ਇੰਮੀਗ੍ਰੇਸ਼ਨ ਪ੍ਰਣਾਲੀ ’ਤੇ ਮੁੜ ਧਿਆਨ ਕੇਂਦਰਿਤ ਕਰ ਰਹੇ ਹਾਂ। ਅਜਿਹਾ ਇਸ ਲਈ ਹੈ ਤਾਂ ਕਿ ਪੂਰੀ ਸੰਖਿਆ ਨੂੰ ਘਟਾਉਂਦੇ ਹੋਏ ਸਭ ਤੋਂ ਵਧੀਆ ਲੋਕਾਂ ਨੂੰ ਤਰਜੀਹ ਦਿੱਤੀ ਜਾ ਸਕੇ, ਅਜਿਹੇ ਲੋਕ ਜਿਨ੍ਹਾਂ ਕੋਲ ਸਾਡੀ ਆਰਥਿਕਤਾ ਨੂੰ ਵਧਾਉਣ ਲਈ ਲੋੜੀਂਦਾ ਹੁਨਰ ਹੈ।
ਜੇਮਜ ਕਲੀਵਰਲੇ ਨੇ ਬ੍ਰਿਟਿਸ਼ ਲੋਕਾਂ ਨਾਲ ਇੱਕ ਅਜਿਹੀ ਪ੍ਰਣਾਲੀ ਦਾ ਵਾਅਦਾ ਕੀਤਾ ਸੀ ਜੋ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮਾਲਕਾਂ ਨੂੰ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਬ੍ਰਿਟਿਸ਼ ਕਾਮਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਗ੍ਰਹਿ ਸਕੱਤਰ ਨੇ ਅੱਗੇ ਦੱਸਿਆ ਕਿ ਵਿਦੇਸ਼ੀ ਬਿਨੈਕਾਰਾਂ ਲਈ ਘੱਟੋ-ਘੱਟ ਆਮਦਨ ਵਿੱਚ ਵਾਧਾ 11 ਅਪ੍ਰੈਲ ਤੋਂ ਲਾਗੂ ਹੋਵੇਗਾ। ਅਜਿਹਾ ਇਸ ਲਈ ਹੈ ਤਾਂ ਜੋ ਉਹ ਆਪਣੇ ਆਸ਼ਰਿਤਾਂ ਨੂੰ ਫ਼ੈਮਿਲੀ ਵੀਜ਼ੇ ’ਤੇ ਲਿਆ ਸਕਣ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਆਮਦਨ 18,600 ਪੌਂਡ ਤੋਂ ਵੱਧ ਕੇ 29,000 ਪੌਂਡ ਹੋ ਜਾਵੇਗੀ ਅਤੇ ਅਗਲੇ ਸਾਲ ਦੀ ਸ਼ੁਰੂਆਤ ਤਕ ਇਹ ਵੱਧ ਕੇ 38,700 ਪੌਂਡ ਹੋ ਜਾਵੇਗੀ। ਇਸ ਨਾਲ ਯੂ.ਕੇ. ਲਿਆਂਦੇ ਗਏ ਪਰਿਵਾਰ ਦੇ ਆਸ਼ਰਿਤਾਂ ਨੂੰ ਵਿੱਤੀ ਰੂਪ ਨਾਲ ਸਮਰਥਨ ਮਿਲੇਗਾ।

Related posts

ਅਮਰੀਕੀ ਰਾਸ਼ਟਰਪਤੀਆਂ ‘ਤੇ ਹਮਲਿਆਂ ਦਾ ਇੱਕ ਲੰਮਾ ਇਤਿਹਾਸ !

ਭਾਰਤ ਅਤੇ ਨਿਊਜ਼ੀਲੈਂਡ ਵਲੋਂ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ

ਕਿਸ ਨੈੱਟਵਰਕ ਦਾ ਹਿੱਸਾ ਹੈ ਅਮਰੀਕਨ ਰਾਸ਼ਟਰਪਤੀ ਟਰੰਪ ‘ਤੇ ਹਮਲਾ ਕਰਨ ਵਾਲਾ ?