ਔਟਵਾ – ਸਾਲ 2024 ’ਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਡੌਨਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸਲ ’ਚ ਰਾਸ਼ਟਰੀ ਸਰਵੇਖਣ ’ਚ ਡੋਨਾਲਡ ਟਰੰਪ 47 ਫ਼ੀਸਦੀ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਹਨ ਜਦੋਂ ਕਿ 43 ਫ਼ੀਸਦੀ ਲੋਕਾਂ ਨੇ ਜੋਅ ਬਾਇਡਨ ਨੂੰ ਆਪਣੀ ਪਸੰਦ ਦੱਸਿਆ। ਇਸ ਤਰ੍ਹਾਂ ਟਰੰਪ ਨੇ ਬਾਇਡਨ ’ਤੇ ਚਾਰ ਫ਼ੀਸਦੀ ਦੀ ਲੀਡ ਲੈ ਲਈ ਹੈ। ਸਰਵੇਖਣ ’ਚ ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਬਾਇਡਨ ’ਤੇ ਬੜ੍ਹਤ ਹਾਸਿਲ ਕਰ ਲਈ ਹੈ।
ਬਾਇਡਨ ਦਾ ਰਾਹ
ਹੋ ਸਕਦੈ ਮੁਸ਼ਕਿਲ
ਦਰਅਸਲ ਵਾਲ ਸਟਰੀਟ ਜਰਨਲ ਨੇ ਇਹ ਸਰਵੇ ਕੀਤਾ ਹੈ। ਸਰਵੇਖਣ ’ਚ ਧਿਆਨ ਦੇਣ ਯੋਗ ਇੱਕ ਹੋਰ ਗੱਲ ਇਹ ਹੈ ਕਿ ਬਾਇਡਨ ਦੀ ਪ੍ਰਵਾਨਗੀ ਰੇਟਿੰਗ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਅਜਿਹਾ ਜਾਪਦਾ ਹੈ ਕਿ ਅਗਲੇ ਕਾਰਜਕਾਲ ਲਈ ਉਮੀਦਵਾਰ ਬਣਨ ਦੀਆਂ ਬਾਇਡਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਇੱਥੋਂ ਤਕ ਕਿ ਡੈਮੋਕਰੈਟਿਕ ਪਾਰਟੀ ’ਚ ਬਾਇਡਨ ਨੂੰ ਦੂਜਾ ਕਾਰਜਕਾਲ ਦੇਣ ਨੂੰ ਲੈ ਕੇ ਮਤਭੇਦ ਉੱਭਰ ਰਹੇ ਹਨ ਹਾਲਾਂਕਿ ਬਾਇਡਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ ’ਚ ਵੀ ਆਪਣੀ ਉਮੀਦਵਾਰੀ ਪੇਸ਼ ਕਰਨਗੇ। ਸਭ ਤੋਂ ਵੱਡੀ ਚਿੰਤਾ ਬਾਇਡਨ ਦੀ ਉਮਰ ਨੂੰ ਲੈ ਕੇ ਸਾਹਮਣੇ ਆਈ ਹੈ ਕਿਉਂਕਿ ਜਦੋਂ ਅਗਲੇ ਸਾਲ ਚੋਣਾਂ ਹੋਣਗੀਆਂ ਤਾਂ ਬਾਇਡਨ ਦੀ ਉਮਰ 81 ਸਾਲ ਹੋਵੇਗੀ ਅਤੇ ਅਗਲੇ ਕਾਰਜਕਾਲ ਦੇ ਅੰਤ ’ਤੇ ਉਹ 86 ਸਾਲ ਦੇ ਹੋ ਜਾਣਗੇ। ਇਸ ਤੋਂ ਇਲਾਵਾ ਬਾਇਡਨ ਦੇ ਬੇਟੇ ਹੰਟਰ ਬਾਡੇਨ ’ਤੇ ਟੈਕਸ ਮਾਮਲਿਆਂ ’ਚ ਵੀ ਦੋਸ਼ ਲੱਗੇ ਹਨ, ਅਤੇ ਇਸ ਨਾਲ ਵੀ ਜੋ ਬਾਇਡਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।
ਲਗਾਤਾਰ ਵਧ ਰਹੀ
ਟਰੰਪ ਦੀ ਲੋਕਪਿ੍ਰਅਤਾ
ਡੌਨਲਡ ਟਰੰਪ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਲੋਕਪਿ੍ਰਅਤਾ ਵਧ ਰਹੀ ਹੈ। ਟਰੰਪ ਆਪਣੀ ਰੀਪਬਲੀਕਨ ਪਾਰਟੀ ਦੇ ਉਮੀਦਵਾਰਾਂ ਤੋਂ ਕਾਫ਼ੀ ਅੱਗੇ ਹਨ। ਸ਼ਾਇਦ ਬਾਇਡਨ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਨ, ਇਸੇ ਲਈ ਕੈਲੀਫ਼ੋਰਨੀਆ ’ਚ ਇੱਕ ਫ਼ੰਡ ਰੇਜ਼ਿੰਗ ਸਮਾਗਮ ’ਚ ਬਾਇਡਨ ਨੇ ਟਰੰਪ ’ਤੇ ਸਿੱਧਾ ਹਮਲਾ ਕੀਤਾ ਅਤੇ ਟਰੰਪ ਸਮਰਥਕਾਂ ਵਲੋਂ ”S ਕੈਪੀਟਲ ’ਤੇ ਹਮਲੇ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਟਰੰਪ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਸਿਰਫ਼ ਇੱਕ ਦਿਨ ਲਈ ਤਾਨਾਸ਼ਾਹ ਬਣ ਜਾਣਗੇ।