ਟੀਚਰ ਵਲੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ‘ਤੇ ਵਿਦਿਆਰਥਣ ਵਲੋਂ ਹੋਸਟਲ ‘ਚ ਖੁਦਕਸ਼ੀ

ਖੁਸ਼ਪ੍ਰੀਤ ਕੌਰ ਦੀ ਮੌਤ ਸਬੰਧੀ ਗੋਇੰਦਵਾਲ ਸਾਹਿਬ ਪੁਲਿਸ ਨੇ ਧਾਰਾ 174 ਤਹਿਤ ਕੇਸ ਦਰਜ ਕੀਤਾ ਹੈ।

ਅੰਮ੍ਰਿਤਸਰ – ਬਾਬਾ ਫਰੀਦ ਯੂਨੀਵਰਸਿਟੀ ਦੇ ਰੀਜ਼ਨਲ ਸੈਂਟਰ ਗੋਇੰਦਵਾਲ ਸਾਹਿਬ ਵਿਖੇ ਬੀਐਸਸੀ ਨਰਸਿੰਗ ਕਰ ਰਹੀ ਇੱਕ ਵਿਦਿਆਰਥਣ ਵਲੋਂ ਯੂਨੀਵਰਸਿਟੀ ਸਟਾਫ ਦੇ ਕਥਿਤ ਮਾੜੇ ਰਵੱਈਏ ਦੇ ਕਾਰਣ ਖੁਦਕਸ਼ੀ ਕੀਤੇ ਜਾਣ ਦਾ ਮਾਮਲਾ ਸ੍ਹਾਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਖੁਸ਼ਪ੍ਰੀਤ ਕੌਰ (21) ਪੁੱਤਰੀ ਅਮਰੀਕ ਸਿੰਘ ਵਾਸੀ ਧੂਰਕੋਟ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।

ਇਸ ਘਟਨਾ ਸਬੰਧੀ ਮ੍ਰਿਤਕ ਕੁੜੀ ਖੁਸ਼ਪ੍ਰੀਤ ਕੌਰ ਦੇ ਪਿਤਾ ਅਮਰੀਕ ਸਿੰਘ ਅਤੇ ਮਾਂ ਬਲਜੀਤ ਕੌਰ ਨੇ ਦੱਸਿਆ ਕਿ, “ਖੁਸ਼ਪ੍ਰੀਤ ਬੀਐਸਸੀ ਨਰਸਿੰਗ ਭਾਗ-3 ਦੀ ਹੋਣਹਾਰ ਵਿਦਿਆਰਥਣ ਸੀ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਬੰਧਕਾਂ ‘ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਕੁੱਝ ਮਹੀਨਿਆਂ ਤੋਂ ਖੁਸ਼ਪ੍ਰੀਤ ਕੌਰ ਨੂੰ ਕਲਾਸ ਅਧਿਆਪਕ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕਰ ਰਹੀ ਸੀ, ਜਿਸ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਪ੍ਰਿੰਸੀਪਲ ਨੂੰ ਦੱਸਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਣ ਹੀ ਬੀਤੇ ਦਿਨ ਖੁਸ਼ਪ੍ਰੀਤ ਕੌਰ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਖੁਦਕਸ਼ੀ ਕਰ ਲਈ। ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਖੁਸ਼ਪ੍ਰੀਤ ਕੌਰ ਵੱਲੋਂ ਖੁਦਕੁਸ਼ੀ ਕਰਨ ਸਬੰਧੀ ਵਟਸਅੱਪ ਚੈਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਖੁਸ਼ਪ੍ਰੀਤ ਨੇ ਆਪਣੀ ਮੌਤ ਲਈ ਕਾਲਜ ਦੀ ਇੱਕ ਟੀਚਰ ਅਤੇ ਆਪਣੇ ਦੋਸਤਾਂ ‘ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।

ਇਸ ਦੌਰਾਨ ਕਾਲਜ ਪ੍ਰਿੰਸੀਪਲ ਚਰਨਜੀਤ ਕੌਰ ਨੇ ਪ੍ਰੀਵਾਰ ਵੱਲੋਂ ਲਾਏ ਗਏ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਵਿਦਿਆਰਥੀਆਂ ਨਾਲ ਦੋਸਤਾਨਾ ਮਾਹੌਲ ਵਿੱਚ ਗੱਲਬਾਤ ਕੀਤੀ ਜਾਂਦੀ ਹੈ।

ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਖੁਸ਼ਪ੍ਰੀਤ ਕੌਰ ਦੀ ਮੌਤ ਸਬੰਧੀ ਧਾਰਾ 174 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related posts

ਆਧੁਨਿਕ ਤਕਨੀਕ ਨਾਲ ਛੇੜਛਾੜ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਸੁਚੇਤ – ਐਡਵੋਕੇਟ ਧਾਮੀ

ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੇ ਸਬੰਧਾਂ ’ਤੇ ਆਧਾਰਿਤ ਨਾਟਕ ‘ਵੋ ਅਫਸਾਨਾ’ ਦਾ ਮੰਚਨ

‘ਪੰਜਾਬੀ ਰੂਟਸ ਅਮੈਰੀਕਨ ਡਰੀਮਜ਼’ 24 ਫਰਵਰੀ ਨੂੰ ਰਿਲੀਜ਼ ਹੋਵੇਗੀ