ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੁਆਰਾ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤੀ ਗਈ ਗ੍ਰਿਫ਼ਤਾਰੀ ਮਗਰੋਂ ਪੰਜਾਬ ਪੁਲੀਸ ਵਿਚ ਹਥੜਾ-ਦਫ਼ੜੀ ਮਚ ਗਈ ਹੈ। ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ 2009 ਬੈਚ ਦੇ ਇੱਕ ਸੀਨੀਅਰ ਇੰਡੀਅਨ ਪੁਲਿਸ ਸਰਵਿਸਜ਼ ਦੇ ਅਧਿਕਾਰੀ ਅਤੇ ਇਸ ਸਮੇਂ ਰੋਪੜ ਰੇਂਜ ਵਿੱਚ ਡੀਆਈਜੀ ਵਜੋਂ ਤਾਇਨਾਤ, ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੰਡੀ ਗੋਬਿੰਦਗੜ੍ਹ ਦੇ ਇੱਕ ਸਕਰੈਪ ਕਾਰੋਬਾਰੀ ਦੀ ਸ਼ਿਕਾਇਤ ਉੱਤੇ ਜਾਂਚ ਏਜੰਸੀ ਦੀਆਂ ਟੀਮਾਂ ਪਿਛਲੇ ਦੋ ਹਫ਼ਤਿਆਂ ਤੋਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀਆਂ ਸਨ ਅਤੇ ਸੀ ਬੀ ਆਈ ਦੀਆਂ ਟੀਮਾਂ ਨੇ ਬਕਾਇਦਾ ਟਰੈਪ ਲਗਾ ਕੇ ਡੀ ਆਈ ਜੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਇੱਕ ਵਿਚੋਲੇ ਰਾਹੀਂ ਫ਼ਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਮੰਡੀ ਗੋਬਿੰਦਗੜ੍ਹ ਦੇ ਸਕਰੈਪ ਕਾਰੋਬਾਰੀ ਆਕਾਸ਼ ਬੱਤਾ ਨੇ 11 ਅਕਤੂਬਰ ਨੂੰ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਭੁੱਲਰ ਨੇ ਕਿਰਸ਼ਾਨੂੰ ਨਾਮ ਦੇ ਵਿਅਕਤੀ ਵੱਲੋਂ ਥਾਣਾ ਸਰਹਿੰਦ ਵਿੱਚ 2023 ਵਿੱਚ ਦਰਜ ਕੇਸ ਦਾ ਨਿਬੇੜਾ ਕਰਵਾਉਣ ਲਈ ‘ਸੇਵਾ-ਪਾਣੀ’ ਦੇ ਨਾਮ ’ਤੇ 28 ਲੱਖ ਰੁਪਏ ਮੰਗੇ ਸਨ। ਸੀ ਬੀ ਆਈ ਨੇ ਕਾਰਵਾਈ ਕਰਦਿਆਂ ਵਿਚੋਲੇ ਕਿਰਸ਼ਾਨੂੰ ਨੂੰ ਚੰਡੀਗੜ੍ਹ ਦੇ ਸੈਕਟਰ-21 ਵਿੱਚੋਂ 8 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਸੀ ਬੀ ਆਈ ਵੱਲੋਂ ਸਾਰੀ ਕਾਰਵਾਈ ਇੰਨੇ ਗੁਪਤ ਢੰਗ ਨਾਲ ਕੀਤੀ ਗਈ ਕਿ ਕਿਸੇ ਨੂੰ ਮਾਮਲੇ ਦੀ ਭਿਣਕ ਤੱਕ ਵੀ ਨਹੀਂ ਪਈ ਅਤੇ ਸਾਰੀ ਕਾਰਵਾਈ ਮੁਕੰਮਲ ਹੋਣ ਮਗਰੋਂ ਹੀ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਬਾਰੇ ਸੂਚਨਾ ਬਾਹਰ ਆਈ। ਸੀਬੀਆਈ ਦੀ 52 ਮੈਂਬਰੀ ਟੀਮ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੇ ਮੋਹਾਲੀ ਸਥਿਤ ਦਫਤਰ ਅਤੇ ਉਸ ਦੇ ਸੈਕਟਰ 40 ਵਾਲੀ ਕੋਠੀ ਦੀ ਤਲਾਸ਼ੀ ਲਈ ਅਤੇ ਉਸ ਵਿੱਚੋਂ 7 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਨਕਦੀ ਇੰਨੀ ਜਿਆਦਾ ਸੀ ਕਿ ਇਸ ਨੂੰ ਗਿਣਨ ਲਈ ਸੀਬੀਆਈ ਦੀ ਟੀਮ ਨੂੰ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ। ਇਸ ਤੋਂ ਇਲਾਵਾ ਕਈ ਮਹਿੰਗੀਆਂ ਕਾਰਾਂ, 15 ਜਾਇਦਾਦਾਂ ਅਤੇ ਲਗਜ਼ਰੀ ਵਾਹਨਾਂ ਨਾਲ ਸਬੰਧਤ ਦਸਤਾਵੇਜ਼, ਵੱਡੀ ਮਾਤਰਾ ਵਿੱਚ ਗਹਿਣੇ, ਮਹਿੰਗੀਆਂ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਇੱਕ ਰਿਵਾਲਵਰ ਬਰਾਮਦ ਕੀਤਾ ਗਿਆ ਹੈ।
ਡੀਆਈਜੀ ਹਰਚਰਨ ਭੁੱਲਰ 2009 ਬੈਚ ਦੇ ਆਈਪੀਐਸ ਅਧਿਕਾਰੀ ਹਨ ਅਤੇ ਪਟਿਆਲਾ ਦੇ ਰਹਿਣ ਵਾਲੇ ਹਨ। ਹਰਚਰਨ ਸਿੰਘ ਭੁੱਲਰ ਨੂੰ ਪਿਛਲੇ ਸਾਲ 27 ਨਵੰਬਰ ਨੂੰ ਰੂਪਨਗਰ ਰੇਂਜ ਦਾ ਡੀ ਆਈ ਜੀ ਲਗਾਇਆ ਗਿਆ ਸੀ। ਹਰਚਰਨ ਸਿੰਘ ਭੁੱਲਰ ਰੋਪੜ ਰੇਂਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਸ਼ਾਮਿਲ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਤੋਂ ਵੀ ਪੁੱਛਗਿੱਛ ਕੀਤੀ ਸੀ। ਭੁੱਲਰ ਦੇ ਪਿਤਾ ਮਹਿਲ ਸਿੰਘ ਭੁੱਲਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਆਪਣੇ ਸਮੇਂ ਦੇ ਬਹੁਤ ਹੀ ਚਰਚਿਤ ਪੁਲਿਸ ਅਧਿਕਾਰੀ ਰਹੇ ਹਨ। ਡੀਆਈਜੀ ਹਰਚਰਨ ਭੁੱਲਰ ਦੇ ਭਰਾ ਕੁਲਦੀਪ ਸਿੰਘ ਭੁੱਲਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ।