ਤਰਨਤਾਰਨ – ਸ਼ਹੀਦਾਂ ਦੇ ਸਿਰਤਾਜ, ਤਰਨਤਾਰਨ ਸ਼ਹਿਰ ਦੇ ਰਚੇਤਾ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ 459 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸੰਗਤ ਦੇ ਸਹਿਯੋਗ ਨਾਲ ਅਰੰਭ ਕੀਤੇ ਗਏ 9 ਰੋਜਾ ਗੁਰਮਤਿ ਸਮਾਗਮਾਂ ਦੇ ਤਹਿਤ ਸ਼ਨਿੱਚਰਵਾਰ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁੱਖ ਸਮਾਗਮ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ਵਿਚ ਕਰਵਾਏ ਗਏ। ਜਿਥੇ ਸਵੇਰ ਤੋਂ ਦੇਰ ਰਾਤ ਤਕ ਹਜਾਰਾਂ ਦੀ ਗਿਣਤੀ ਵਿਚ ਸੰਗਤ ਨੇ ਪੁੱਜ ਕੇ ਹਾਜ਼ਰੀ ਭਰੀ। ਜਦੋਂਕਿ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਅਤੇ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਾ ਕੇ ਨਿਹਾਲ ਕੀਤਾ ਗਿਆ।
ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਅਤੇ ਸੰਗਤ ਨੇ ਹਾਜ਼ਰੀ ਭਰੀ।ਸਮਾਗਮ ਦੀ ਸਮਾਪਤੀ ਵੇਲੇ ਗੁਰੂ ਸਾਹਿਬ ਉੱਪਰ ਹੋਈ ਫੁੱਲਾਂ ਦੀ ਵਰਖਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ‘ਚ ਕਰਵਾਏ ਗਏ ਮਹਾਨ ਗੁਰਮਤਿ ਸਮਾਗਮਾਂ ਦੀ ਸਮਾਪਤੀ ਵੇਲੇ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਮਠਿਆਈਆਂ ਦੇ ਪ੍ਰਸ਼ਾਦ ਵੀ ਸੰਗਤਾਂ ‘ਚ ਵਰਤਾਏ ਗਏ। ਹੁਕਮਨਾਮੇ ਉਪਰੰਤ ਜਿਥੇ ਭਾਰੀ ਆਤਿਸ਼ਬਾਜੀ ਕੀਤੀ ਗਈ ਉਥੇ ਹੀ ਸ੍ਰੀ ਦਰਬਾਰ ਸਾਹਿਬ ਦੀਆਂ ਸਮੂਹ ਇਮਰਾਤਾਂ ਦੀ ਸੁੰਦਰ ਸਜਾਵਟ ਵੀ ਕੀਤੀ ਗਈ।