ਥਾਈਲੈਂਡ: ਹੋਟਲ ਵਿੱਚ ਮਰੇ ਮਿਲੇ ਛੇ ਲੋਕਾਂ ਦੀ ਕਾਫੀ ਵਿੱਚ ਸਾਈਨਾਇਡ ਦੇ ਅੰਸ਼ ਮਿਲੇ

ਬੈਂਕਾਕ – ਥਾਈਲੈਂਡ ਪੁਲੀਸ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਨੇ ਅੱਜ ਕਿਹਾ ਕਿ ਬੈਂਕਾਕ ਦੇ ਇਕ ਲਗਜ਼ਰੀ ਹੋਟਲ ਵਿੱਚ ਮਰੇ ਮਿਲੇ ਛੇ ਵਿਅਕਤੀਆਂ ਦੀ ਕਾਫੀ ’ਚ ਸਾਈਨਾਇਡ ਦੇ ਅੰਸ਼ ਮਿਲੇ ਹਨ। ਸਾਈਨਾਇਡ ਬੇਹੱਦ ਜ਼ਹਿਰੀਲਾ ਕੈਮੀਕਲ ਹੈ ਜਿਸ ਦੇ ਸੇਵਨ ਤੋਂ ਬਾਅਦ ਬੱਚ ਸਕਣਾ ਲਗਪਗ ਅਸੰਭਵ ਹੈ। ਬੈਂਕਾਕ ਦੇ ਡਾਊਟਾਊਨ ਸਥਿਤ ‘ਗਰੈਂਡ ਹਯਾਤ ਇਰਾਵਨ’ ਹੋਟਲ ਵਿੱਚ ਮੰਗਲਵਾਰ ਨੂੰ ਛੇ ਲਾਸ਼ਾਂ ਮਿਲੀਆਂ ਸਨ। ਪੁਲੀਸ ਨੇ ਦੱਸਿਆ ਕਿ ਹੋਟਲ ਦੇ ਰਿਕਾਰਡ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਮਰੇ ਵਿੱਚ ਛੇ ਵਿਅਕਤੀਆਂ ਤੋਂ ਇਲਾਵਾ ਹੋਰ ਕੋਈ ਬਾਹਰੀ ਵਿਅਕਤੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਜਦੋਂ ਉਨ੍ਹਾਂ ਦੇ ਕਮਰੇ ਵਿੱਚ ਖਾਣਾ ਪਹੁੰਚਾਇਆ ਗਿਆ ਤਾਂ ਉਦੋਂ ਆਖ਼ਰੀ ਵਾਰ ਉਨ੍ਹਾਂ ਨੂੰ ਜਿਊਂਦਾ ਦੇਖਿਆ ਗਿਆ ਸੀ। ਥਾਈਲੈਂਡ ਪੁਲੀਸ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਲੈਫਟੀਨੈਂਟ ਜਨਰਲ ਤ੍ਰਾਈਰੌਂਗ ਪਿਵਪਨ ਨੇ ਦੱਸਿਆ ਕਿ ਕਮਰੇ ਵਿੱਚੋਂ ਕਬਜ਼ੇ ’ਚ ਲਏ ਗਏ ਖਾਲੀ ਕੱਪਾਂ ’ਚੋਂ ਪੁਲੀਸ ਨੂੰ ਸਾਈਨਾਇਡ ਦੇ ਅੰਸ਼ ਮਿਲੇ ਹਨ। ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਵੀਰਵਾਰ ਨੂੰ ਆਉਣ ਦੀ ਆਸ ਹੈ। ਮਿ੍ਰਤਕਾਂ ਦੀ ਪਛਾਣ ਦੋ ਵੀਅਤਨਾਮੀ-ਅਮਰੀਕੀ ਵਿਅਕਤੀਆਂ ਵਜੋਂ ਅਤੇ ਚਾਰ ਦੀ ਵੀਅਤਨਾਮ ਦੇ ਨਾਗਰਿਕਾਂ ਵਜੋਂ ਹੋਈ ਹੈ। ਮਿ੍ਰਤਕਾਂ ’ਚ ਤਿੰਨ ਪੁਰਸ਼ ਤੇ ਤਿੰਨ ਔਰਤਾਂ ਹਨ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ