ਬੀਜਿੰਗ – ਨਵੇਂ ਸੈਟੇਲਾਈਟ ਤਸਵੀਰਾਂ ਨੇ ਸੰਕੇਤ ਦਿੱਤਾ ਹੈ ਕਿ ਦੱਖਣੀ ਚੀਨ ਸਾਗਰ ’ਚ ਚੀਨ ਵੱਡੇ ਪੱਧਰ ’ਤੇ ਪਾਣੀ ’ਚ ਡ੍ਰੋਨ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਉਸਦੇ ਅਜਿਹਾ ਕਰਨ ਦੇ ਇਰਾਦੇ ਤੋਂ ਕੁਝ ਸਾਫ ਨਹੀਂ ਹੋ ਸਕਿਆ ਹੈ।
ਹੈਨਨ ਟਾਪੂ ਦੇ ਸਾਨਿਆ ਨੇਵੀ ਬੇਸ ’ਤੇ ਸੈਟੇਲਾਈਟ ਤਸਵੀਰਾਂ ’ਚ ਦਿਖਾਈ ਦੇ ਰਿਹਾ ਹੈ ਕਿ ਦੋ ਵੱਡੇ ਆਕਾਰ ਦੇ ਚਾਲਕ ਰਹਿਤ ਪਾਣੀ ਦੇ ਅੰਦਰ ਚੱਲਣ ਵਾਲੇ ਵਾਹਨ (ਐਕਸਐੱਲਯੂਯੂਵੀ) ਤਾਇਨਾਤ ਹਨ। ਭੂਗੋਲਿਕ ਤੌਰ ’ਤੇ ਇਹ ਥਾਂ ਦੱਖਣੀ ਚੀਨ ਸਾਗਰ ਦੇ ਇਕਦਮ ਨੇੜੇ ਹੈ। ਰਿਪੋਰਟ ਅਨੁਸਾਰ, ਇਹ ਦੋਵੇਂ ਵਾਹਨ ਮਾਰਚ-ਅਪ੍ਰੈਲ 2021 ਤੋਂ ਹੀ ਇਥੇ ਮੌਜੂਦ ਹਨ ਪਰ ਸੈਟੇਲਾਈਟ ਤਸਵੀਰਾਂ ਰਾਹੀਂ ਹੁਣ ਪਤਾ ਲੱਗਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਦੋਵੇਂ ਐਕਸਐੱਲਯੂਯੂਵੀ ਨੂੰ ਅਜਿਹੇ ਖੇਤਰ ਕੋਲ ਦੇਖਿਆ ਗਿਆ ਹੈ, ਜਿਥੇ ਚੀਨ ਨੇ ਪਹਿਲਾਂ ਹੀ ਛੋਟੀਆਂ ਪਣਡੁੱਬੀਆਂ ਦਾ ਬੇਸ ਬਣਾ ਕੇ ਰੱਖਿਆ ਹੋਇਆ ਹੈ। ਇਸ ਨਾਲ ਸੰਕੇਤ ਮਿਲ ਰਿਹਾ ਹੈ ਕਿ ਇਨ੍ਹਾਂ ਨੂੰ ਇਥੇ ਪਰੀਖਣ ਲਈ ਰੱਖਿਆ ਗਿਆ ਹੈ।
ਰੱਖਿਆ ਵਿਸ਼ਲੇਸ਼ਕ ਐੱਚਆਈ ਸੁਟਨ ਦੱਸਦੇ ਹਨ ਕਿ ਪਾਣੀ ਦੇ ਅੰਦਰ ਚੱਲਣ ਵਾਲੇ ਵਾਹਨ 16 ਮੀਟਰ ਲੰਬੇ ਤੇ 2 ਮੀਟਰ ਚੌੜੇ ਹਨ। ਇਨ੍ਹਾਂ ਦੀ ਵਰਤੋਂ ਨੂੰ ਲੈ ਕੇ ਉਹ ਵਿਸਥਾਰ ਨਾਲ ਦੱਸਦੇ ਹਨ ਕਿ ਇਹ ਜਾਸੂਸੀ ਤੇ ਨਿਗਰਾਨੀ ਕਰਨ ਦੇ ਸਮਰੱਥ ਹਨ। ਇਨ੍ਹਾਂ ਦੀ ਵਰਤੋਂ ਬਾਰੂਦੀ ਸੁਰੰਗ ਵਿਛਾਉਣ, ਪਣਡੁੱਬੀਆਂ ਵਿਰੁੱਧ ਜੰਗ ਤੇ ਖਾਸ ਮੁਹਿੰਮਾਂ ’ਚ ਕੀਤੀ ਜਾ ਸਕਦੀ ਹੈ। ਚੀਨ ਅੱਗੇ ਜਾ ਕੇ ਡ੍ਰੋਨਾਂ ਦਾ ਬੇੜਾ ਵਧਾ ਸਕਦਾ ਹੈ। ਐਕਸਐੱਲਯੂਯੂਵੀ ਦੀ ਤਾਇਨਾਤੀ ਲਈ ਦੱਖਣੀ ਸਾਗਰ ਇਕਦਮ ਸਹੀ ਥਾਂ ਹੈ।