ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟਸ ;ਚ ਕਿਹਾ ਕਿ ਕਿਸੇ ਵੀ ਸਕੀਮ ਜਾਂ ਰਿਆਇਤ ਦਾ ਐਲਾਨ ਕਰਨ ਤੋਂ ਪਹਿਲਾਂ ਸਰਕਾਰ ਨੂੰ ਫੰਡ ਦੇ ਸਰੋਤ ਦਾ ਖੁਲਾਸਾ ਕਰਨਾ ਚਾਹੀਦਾ ਹੈ। ਕਿਸੇ ਵੀ ਸਕੀਮ ਜਾਂ ਰਿਆਇਤ ਦਾ ਐਲਾਨ ਕਰਨ ਤੋਂ ਪਹਿਲਾਂ ਫੰਡਿੰਗ ਦੇ ਸਰੋਤ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਜਵਾਬਦੇਹੀ ਲਈ ਇਹ ਸਭ ਤੋਂ ਵੱਡੀ ਲੋੜ ਅਤੇ ਅਹਿਮ ਗੱਲ ਹੈ। ਕਰਜ਼ਾ ਲੈ ਕੇ ਕੋਈ ਰਿਆਇਤ ਜਾਂ ਸਕੀਮ ਨਹੀਂ ਹੋਣੀ ਚਾਹੀਦੀ।ਸਿੱਧੂ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਆਦਮਪੁਰ ‘ਚ ਲੋਕਾਂ ਲਈ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਚੰਨੀ ਲੋਕਾਂ ਲਈ ਐਲਾਨ ਕਰਦੇ ਰਹੇ ਹਨ ਉਦੋਂ ਨਵਜੋਤ ਸਿੰਘ ਸਿੱਧੂ ਟਵਿਟਰ ਰਾਹੀਂ ਸਰਕਾਰ ‘ਤੇ ਸਵਾਲ ਉਠਾਉਂਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਅੱਜ ਪੰਜਾਬ ਭਾਰਤ ਦਾ ਸਭ ਤੋਂ ਕਰਜ਼ਦਾਰ ਸੂਬਾ ਹੈ। ਰਾਜ ਦੇ ਜੀਡੀਪੀ ਦਾ 50% ਕਰਜ਼ਾ ਹੈ। ਸਾਡੇ ਖਰਚ ਦਾ ਅੱਧਾ ਹਿੱਸਾ ਮਹਿੰਗੇ ਕਰਜ਼ੇ ਤੋਂ ਆਉਂਦਾ ਹੈ। ਉਨ੍ਹਾਂ ਅਸਲ ਮੁੱਦਿਆਂ ਤੋਂ ਦੂਰ ਨਾ ਹੋਵੋ ਜਿਨ੍ਹਾਂ ਦੇ ਹੱਲ ਦੀ ਹਰ ਪੰਜਾਬੀ ਤੇ ਪਾਰਟੀ ਵਰਕਰ ਉਮੀਦ ਕਰਦਾ ਹੈ।ਸਿੱਧੂ ਨੇ ਕਿਹਾ ਕਿ ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ। ਜਵਾਬਦੇਹੀ ਹਰ ਯੋਜਨਾ ਦੇ ਐਲਾਨ ‘ਚਚ ਫੰਡਿੰਗ ਦੇ ਸਰੋਤਾਂ ਦੇ ਖੁਲਾਸੇ ਦੀ ਮੰਗ ਕਰਦੀ ਹੈ, ਭਾਵੇਂ ਇਹ ਆਮਦਨੀ ਤੋਂ ਹੋਵੇ ਜਾਂ ਵਾਧੂ ਕਰਜ਼ੇ ਤੋਂ। ਪਾਰਦਰਸ਼ਤਾ ਹਰ ਮਹੀਨੇ ਸੂਬੇ ਦੀ ਵਿੱਤੀ ਸਿਹਤ ਨੂੰ ਹਰ ਮਹੀਨੇ ਜਨਤਕ ਕਰਨ ਦੀ ਮੰਗ ਕਰਦੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਜ਼ਾ ਲੈਣਾ ਸਮੱਸਿਆ ਦਾ ਹੱਲ ਨਹੀਂ। ਕਰਜ਼ਾ ਮੋੜਨ ਲਈ ਜਨਤਾ ਤੋਂ ਟੈਕਸ ਨਹੀਂ ਲਿਆ ਜਾਣਾ ਚਾਹੀਦਾ ਸਗੋਂ ਵਿਕਾਸ ਦੇ ਰੂਪ ਵਿੱਚ ਟੈਕਸ ਦੀ ਰਕਮ ਜਨਤਾ ਨੂੰ ਵਾਪਸ ਕਰਨੀ ਚਾਹੀਦੀ ਹੈ। ਪੰਜਾਬ ਮਾਡਲ ਦਾ ਉਦੇਸ਼ ਰਾਜ ਦੇ ਵਸੀਲਿਆਂ ਦੀ ਚੋਰੀ ਨੂੰ ਰੋਕਣ, ਖਜ਼ਾਨਾ ਭਰਨਾ ਅਤੇ ਆਮਦਨੀ ਪੈਦਾ ਕਰਕੇ ਕਲਿਆਣਕਾਰੀ ਸੂਬਾ ਬਣਾਉਣਾ ਹੈ।