ਅਯੁੱਧਿਆ – ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਸਿਆਵਰ ਰਾਮਚੰਦਰ ਦੀ ਜੈ ਨਾਲ ਕੀਤੀ। ਉਨ੍ਹਾਂ ਕਿਹਾ ਕਿ ‘ਰਾਮਲੱਲਾ ਟੈਂਟ ’ਚ ਨਹੀਂ, ਹੁਣ ਸ਼ਾਨਦਾਰ ਮੰਦਰ ’ਚ ਰਹਿਣਗੇ’। ਅੱਜ ਸਾਡੇ ਰਾਮ ਆ ਗਏ ਹਨ। ਉਨ੍ਹਾਂ ਕਿਹਾ ਕਿ 22 ਜਨਵਰੀ ਕੈਲੰਡਰ ਦੀ ਲਿਖੀ ਇਕ ਤਾਰੀਖ਼ ਨਹੀਂ ਹੈ। ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਹਜ਼ਾਰ ਸਾਲ ਬਾਅਦ ਵੀ ਲੋਕ ਅੱਜ ਦੀ ਇਸ ਤਾਰੀਖ਼ ਦੀ ਚਰਚਾ ਕਰਨਗੇ। ਅਸੀਂ ਕਿੰਨੇ ਕਿਸਮਤ ਵਾਲੇ ਹਾਂ ਕਿ ਅਸੀਂ ਇਸ ਪਲ਼ ਨੂੰ ਜੀ ਰਹੇ ਹਾਂ। ਇਹ ਪਲ਼ ਆਮ ਪਲ਼ ਨਹੀਂ ਹੈ। ਇਹ ਕਾਲਚੱਕਰ ’ਤੇ ਲਿਖੀ ਕਦੇ ਨਾ ਮਿਟਣ ਵਾਲੀ ਲਕੀਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਨੂੰਮਾਨ ਅਤੇ ਹਨੂੰਮਾਨਗੜ੍ਹੀ ਦੇ ਨਾਲ ਹੀ ਮਾਤਾ ਜਾਨਕੀ, ਲਕਸ਼ਮਣ, ਭਰਤ, ਸ਼ਤਰੂਘਨ ਅਤੇ ਪਵਿੱਤਰ ਅਯੁੱਧਿਆ ਪੁਰੀ, ਸਰਯੂ ਨਦੀ ਨੂੰ ਵੀ ਪ੍ਰਣਾਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ
ਸੰਪੰਨ ਹੋਣ ’ਤੇ ਕਿਹਾ ਕਿ ਅਯੁੱਧਿਆ ਧਾਮ ’ਚ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ਼ ਹਰ ਕਿਸੇ ਨੂੰ ਭਾਵੁਕ ਕਰਨ ਵਾਲਾ ਹੈ। ਅਯੁੱਧਿਆ ’ਚ ਸ਼੍ਰੀਰਾਮਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ’ਚ ਸ਼ਾਮਲ ਹੋਣ ਪਹੁੰਚੇ ਪੀ.ਐੱਮ. ਮੋਦੀ ਨੇ ’ਐਕਸ’ ’ਤੇ ਕਿਹਾ,’’ਅਯੁੱਧਿਆ ਧਾਮ ’ਚ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਅਲੌਕਿਕ ਪਲ਼ ਹਰ ਕਿਸੇ ਨੂੰ ਭਾਵੁਕ ਕਰਨ ਵਾਲਾ ਹੈ।’’ ਉਨ੍ਹਾਂ ਨੇ ਇਸੇ ਸੰਦੇਸ਼ ’ਚ ਕਿਹਾ,’’ਇਸ ਦਿਵਯ ਪ੍ਰੋਗਰਾਮ ਦਾ ਹਿੱਸਾ ਬਣਨ ਮੇਰੇ ਲਈ ਕਿਸਮਤ ਵਾਲੀ ਗੱਲ ਹੈ। ਜੈ ਸਿਆਰਾਮ!’’ ਪੀ.ਐੱਮ. ਮੋਦੀ ਨੇ ਇੱਥੇ ਵਿਸ਼ਾਲ ਰਾਮ ਮੰਦਰ ’ਚ ਰਾਮਲੱਲਾ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਹਿੱਸਾ ਲੈਣ ’ਤੇ ਇਹ ਟਿੱਪਣੀਆਂ ਕੀਤੀਆਂ। ਸੁਨਹਿਰੀ ਕੁੜਤੇ, ਕ੍ਰੀਮ ਰੰਗ ਦੀ ਧੋਤੀ ਪਹਿਨੇ ਪ੍ਰਧਾਨ ਮੰਤਰੀ ਲਾਲ ਕੱਪੜੇ ’ਤੇ ਰੱਖੇ ਚਾਂਦੇ ਦੇ ਇਕ ਛਤਰ ਨੂੰ ਫੜੇ ਹੋਏ ਮੰਦਰ ’ਚ ਗਰਭਗ੍ਰਹਿ ’ਚ ਗਏ। ਪੀ.ਐੱਮ. ਮੋਦੀ ਨੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਮੌਜੂਦਗੀ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਹਿੱਸਾ ਲਿਆ।
ਮੋਦੀ ਨੇ ਤੋੜਿਆ ਆਪਣਾ 11 ਦਿਨ ਦਾ ਵਰਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਰਾਮ ਮੰਦਰ ’ਚ ’ਪ੍ਰਾਣ ਪ੍ਰਤਿਸ਼ਠਾ’ ਸਮਾਗਮ ਤੋਂ ਬਾਅਦ ਆਪਣਾ 11 ਦਿਨ ਦਾ ਵਰਤ ਤੋੜ ਦਿੱਤਾ ਹੈ। ਗੋਵਿੰਦ ਦੇਵ ਗਿਰੀ ਮਹਾਰਾਜ ਵਲੋਂ ਉਨ੍ਹਾਂ ਨੂੰ ’ਚਰਨਾਮਿ੍ਰਤ’ (ਅਨੁਸ਼ਠਾਨਾਂ ਲਈ ਇਸਤੇਮਾਲ ਕੀਤੇ ਜਾਣ ਵਾਲੇ ਦੁੱਧ ਨਾਲ ਬਣੇ ਮਿੱਠੇ ਚਰਨਾਮਿ੍ਰਤ) ਪਿਲਾਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਰਤ ਤੋੜਿਆ ਹੈ। ਗੋਵਿੰਦ ਦੇਰ ਗਿਰੀ ਮਹਾਰਾਜ ਨੇ ਆਪਣੇ 11 ਦਿਨਾਂ ਅਨੁਸ਼ਠਾਨ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਪੀ.ਐੱਮ. ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੀ ਭਗਤੀ ਦੀ ਤਾਰੀਫ਼ ਕੀਤੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ 12 ਜਨਵਰੀ ਨੂੰ ਐਲਾਨ ਕੀਤਾ ਸੀ ਕਿ ਉਹ ਅਯੁੱਧਿਆ ’ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੱਕ 11 ਦਿਨਾ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰਨਗੇ। ਆਪਣੇ ਅਧਿਕਾਰਤ ਯੂ-ਟਿਊਬ ਚੈਨਲ ’ਤੇ ਪੋਸਟ ਕੀਤੇ ਗਏ ਇਕ ਆਡੀਓ ਸੰਦੇਸ਼ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਿਸਮਤਵਾਲੇ ਸਨ ਕਿ ਉਨ੍ਹਾਂ ਨੇ ਇਸ ਨੂੰ ਇਤਿਹਾਸਕ ਅਤੇ ਸ਼ੁੱਭ ਮੌਕੇ ਵਜੋਂ ਦੇਖਿਆ। ਉਨ੍ਹਾਂ ਕਿਹਾ ਸੀ ਕਿ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ’ਚ ਸਿਰਫ਼ 11 ਦਿਨ ਬਚੇ ਹਨ। ਭਗਵਾਨ ਨੇ ਮੈਨੂੰ ਅਭਿਸ਼ੇਕ ਦੌਰਾਨ ਭਾਰਤ ਦੇ ਲੋਕਾਂ ਦਾ ਪ੍ਰਤੀਨਿਧੀਤੱਵ ਕਰਨ ਲਈ ਬਣਾਇਆ ਹੈ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ,’’ਮੈਂ ਅੱਜ ਤੋਂ 11 ਦਿਨਾਂ ਲਈ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰ ਰਿਹਾ ਹੈ।’’ ਅੱਜ ਸਵੇਰੇ ਪ੍ਰਧਾਨ ਮੰਤਰੀ ਵਲੋਂ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਅਗਵਾਈ ਤੋਂ ਬਾਅਦ ਰਾਮਲੱਲਾ ਦਾ ਚਿਹਰਾ ਸਾਹਮਣੇ ਆਇਆ।