ਮਿਆਮੀ ਗਾਰਡਜ਼ – ਜਾਪਾਨ ਦੀ ਨਾਓਮੀ ਓਸਾਕਾ ਨੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਇਹ ਪਿਛਲੇ ਇਕ ਸਾਲ ਵਿਚ ਸਿਰਫ਼ ਦੂਜਾ ਮੌਕਾ ਹੈ ਜਦ ਉਹ ਆਖ਼ਰੀ ਅੱਠ ਵਿਚ ਪੁੱਜੀ ਹੈ। ਓਸਾਕਾ ਨੇ ਅਮਰੀਕਾ ਦੀ ਏਲਿਸਨ ਰਿਸਕੇ ਨੂੰ 6-3, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਡੇਨੀਅਲ ਕੋਲਿੰਸ ਨਾਲ ਹੋਵੇਗਾ। ਓਸਾਕਾ ਪਿਛਲੇ ਇਕ ਸਾਲ ਅੰਦਰ ਇਸ ਤੋਂ ਪਹਿਲਾਂ ਜਨਵਰੀ ਵਿਚ ਮੈਲਬੌਰਨ ਵਿਚ ਇਕ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜੀ ਸੀ। ਇਸ ਤੋਂ ਪਹਿਲਾਂ ਉਹ ਪਿਛਲੇ ਸਾਲ ਮਿਆਮੀ ਓਪਨ ਵਿਚ ਹੀ ਆਖ਼ਰੀ ਅੱਠ ਵਿਚ ਥਾਂ ਬਣਾ ਸਕੀ ਸੀ। ਅਮਰੀਕਾ ਦੀ ਨੌਵਾਂ ਦਰਜਾ ਹਾਸਲ ਕੋਲਿੰਸ ਨੇ ਅੱਠਵਾਂ ਦਰਜਾ ਓਂਸ ਜਾਬੇਉਰ ਖ਼ਿਲਾਫ਼ 6-2, 6-4 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਅਗਲੀ ਵਿਸ਼ਵ ਰੈਂਕਿੰਗ ਵਿਚ ਮੁੜ ਟਾਪ-10 ਵਿਚ ਥਾਂ ਬਣਾ ਸਕਦੀ ਹੈ। ਡਾਰੀਆ ਸੈਵਿਲ ਨੇ ਵੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਉਨ੍ਹਾਂ ਨੇ ਇਕ ਸੰਘਰਸ਼ਪੂਰਨ ਮੁਕਾਬਲੇ ਵਿਚ ਲੂਸੀਆ ਬਰੋਂਜੇਟੀ ਨੂੰ 5-7, 6-4, 7-5 ਨਾਲ ਹਰਾਇਆ। ਉਨ੍ਹਾਂ ਦਾ ਸਾਹਮਮਾ ਹੁਣ 22ਵੇਂ ਨੰਬਰ ਦੀ ਬੇਲਿੰਡਾ ਬੇਂਸਿਕ ਨਾਲ ਹੋਵੇਗਾ ਜਿਨ੍ਹਾਂ ਅਲਿਕਸਾਂਦਰਾ ਸਾਸਨੋਵਿਚ ਨੂੰ 6-2, 6-3 ਨਾਲ ਹਰਾਇਆ। ਮਹਿਲਾ ਵਰਗ ਦੇ ਹੋਰ ਮੈਚਾਂ ਵਿਚ ਨੰਬਰ ਦੋ ਇਗਾ ਸਵਿਆਤੇਕ ਨੇ ਨੰਬਰ-14 ਕੋਕੋ ਗਾਫ ਨੂੰ 6-3, 6-1 ਨਾਲ ਮਾਤ ਦਿੱਤੀ। ਜੇਸਿਕਾ ਪੇਗੁਲਾ ਵੀ ਗ਼ੈਰ ਦਰਜਾ ਹਾਸਲ ਅਨਹੇਲੀਨਾ ਕਲੀਨੀਨਾ ਦੇ ਦੂਜੇ ਸੈੱਟ ਤੋਂ ਹਟਣ ਕਾਰਨ ਅੱਗੇ ਵਧਣ ਵਿਚ ਸਫ਼ਲ ਰਹੀ। ਪੇਗੁਲਾ ਕੁਆਰਟਰ ਫਾਈਨਲ ਵਿਚ ਵਿਸ਼ਵ ਵਿਚ ਨੰਬਰ ਪੰਜ ਪਾਉਲਾ ਬਾਦੋਸਾ ਨਾਲ ਭਿੜੇਗੀ ਜਿਨ੍ਹਾਂ ਨੇ ਲਿੰਡਾ ਫਰੁਵਿਰਤੋਵਾ ਨੂੰ 6-2, 6-3 ਨਾਲ ਮਾਤ ਦਿੱਤੀ। ਮਰਦ ਵਰਗ ਵਿਚ ਰੂਸ ਦੇ ਡੇਨਿਲ ਮੇਦਵੇਦੇਵ ਮੁੜ ਤੋਂ ਨੰਬਰ ਇਕ ਰੈਂਕਿੰਗ ਹਾਸਲ ਕਰਨ ਤੋਂ ਸਿਰਫ਼ ਦੋ ਜਿੱਤਾਂ ਦੂਰ ਹਨ। ਮਿਆਮੀ ਵਿਚ ਸਿਖਰਲਾ ਦਰਜਾ ਹਾਸਲ ਇਸ ਖਿਡਾਰੀ ਨੇ ਤੀਜੇ ਗੇੜ ਵਿਚ ਸਪੇਨ ਦੇ ਪੇਡਰੋ ਮਾਰਟੀਨੇਜ ਨੂੰ 6-3, 6-4 ਨਾਲ ਹਰਾਇਆ। ਸੈਮੀਫਾਈਨਲ ਵਿਚ ਪੁੱਜਣ ’ਤੇ ਉਹ ਨੋਵਾਕ ਜੋਕੋਵਿਕ ਨੂੰ ਪਿੱਛੇ ਛੱਡ ਕੇ ਰੈਂਕਿੰਗ ਵਿਚ ਮੁੜ ਸਿਖਰ ’ਤੇ ਕਾਬਜ ਹੋ ਜਾਣਗੇ। ਮੇਦਵੇਦੇਵ ਦਾ ਅਗਲਾ ਮੁਕਾਬਲਾ ਅਮਰੀਕਾ ਦੇ ਜੇਨਸਨ ਬਰੂਕਸਬੀ ਨਾਲ ਹੋਵੇਗਾ ਜਿਨ੍ਹਾਂ ਨੇ ਤੀਜੇ ਸੈੱਟ ਵਿਚ 0-4 ਨਾਲ ਪੱਛਝੜਨ ਤੋਂ ਬਾਅਦ ਨੰਬਰ 15 ਰਾਬਰਟੋ ਬਤਿਸਤਾ ਅਗੁਤ ਨੂੰ 6-3, 5-7, 6-4 ਨਾਲ ਹਰਾਇਆ। ਹੋਰ ਮੈਚਾਂ ਵਿਚ ਟੇਲਰ ਫਰਿਟਜ ਨੇ ਆਪਣੇ ਦੋਸਤ ਟਾਮੀ ਪਾਲ ਨੂੰ 7-6 (2), 6-4 ਨਾਲ, ਤੀਜਾ ਦਰਜਾ ਹਾਸਲ ਸਟੇਫਾਨੋਸ ਸਿਤਸਿਪਾਸ ਨੇ ਐਲੇਕਸ ਡੀ ਮਿਨੋਰ ਨੂੰ 6-4, 6-3 ਨਾਲ, ਮੌਜੂਦਾ ਚੈਂਪੀਅਨ ਹਿਊਬਰਟ ਹੁਰਕਾਰਜ ਨੇ ਅਸਲਾਨ ਕਰਾਤਸੇਵ ਨੂੰ 7-5, 4-6, 6-3 ਨਾਲ ਤੇ ਕਾਰਲੋਸ ਅਲਕਰਾਜ ਨੇ 21ਵੇਂ ਨੰਬਰ ਦੇ ਮਾਰਿਨ ਸਿਲਿਚ ਨੂੰ 6-4, 6-4 ਨਾਲ ਹਰਾਇਆ।