ਪੁਣੇ – ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ਦੇ ਪਹਿਲੇ ਦਿਨ ਦੀ ਖੇਡ ਪੁਣੇ ਵਿਖੇ ਖੇਡੀ ਗਈ। ਨਿਊਜ਼ੀਲੈਂਡ ਨੇ ਮੈਚ ‘ਚ ਭਾਰਤ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ‘ਚ ਆਲ ਆਊਟ ਹੋ ਕੇ 259 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਡੇਵੋਨ ਕੌਨਵੇ 76 ਦੌੜਾਂ, ਰਚਿਨ ਰਵਿੰਦਰਾ ਨੇ 65 ਦੌੜਾਂ, ਸੈਂਟਰਨ ਨੇ 33 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦਾ ਕੋਈ ਹੋਰ ਬੱਲੇਬਾਜ਼ ਟਿਕ ਕੇ ਦੌੜਾਂ ਨਹੀਂ ਬਣ ਸਕਿਆ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ 7 ਵਿਕਟਾਂ ਤੇ ਅਸ਼ਵਿਨ ਨੇ 3 ਵਿਕਟਾਂ ਲਈਆਂ। ਦਿਨ ਦੀ ਖੇਡ ਖਤਮ ਹੋਣ ਤਕ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਕਪਤਾਨ ਰੋਹਿਤ ਸ਼ਰਮਾ ਦਾ ਵਿਕਟ ਗੁਆ ਕੇ 16 ਦੌੜਾਂ ਬਣਾ ਲਈਆਂ ਸਨ। ਭਾਰਤ ਅਜੇ ਨਿਊਜ਼ੀਲੈਂਡ ਤੋਂ 243 ਦੌੜਾਂ ਪਿੱਛੇ ਸੀ।ਨਿਊਜ਼ੀਲੈਂਡ ਨੇ ਆਪਣੇ ਪਲੇਇੰਗ ਇਲੈਵਨ ‘ਚ ਇਕ ਬਦਲਾਅ ਕੀਤਾ ਹੈ, ਜਿਸ ‘ਚ ਜ਼ਖਮੀ ਤੇਜ਼ ਗੇਂਦਬਾਜ਼ ਮੈਟ ਹੈਨਰੀ ਦੀ ਜਗ੍ਹਾ ਖੱਬੇ ਹੱਥ ਦੇ ਸਪਿਨਰ ਮਿਸ਼ੇਲ ਸੈਂਟਨਰ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਆਪਣੀ ਟੀਮ ਵਿੱਚ ਤਿੰਨ ਬਦਲਾਅ ਕੀਤੇ ਹਨ। ਮੁਹੰਮਦ ਸਿਰਾਜ, ਕੇਐਲ ਰਾਹੁਲ ਅਤੇ ਕੁਲਦੀਪ ਯਾਦਵ ਦੀ ਜਗ੍ਹਾ ਪਲੇਇੰਗ 11 ਵਿਚ ਅਕਾਸ਼ ਦੀਪ, ਵਾਸ਼ਿੰਗਟਨ ਸੁੰਦਰ ਅਤੇ ਸ਼ੁਭਮਨ ਗਿੱਲ ਨੂੰ ਮੌਕਾ ਮਿਲਿਆ ਹੈ। ਨਿਊਜ਼ੀਲੈਂਡ ਸੀਰੀਜ਼ ‘ਚ 1-0 ਨਾਲ ਅੱਗੇ ਹੈ।