ਮੁੰਬਈ – ਭਾਰਤ ਵਿੱਚ ਹਰ ਰੋਜ਼ ਕਈ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਹਾਦਸਿਆਂ ਪਿੱਛੇ ਕਈ ਕਾਰਨ ਹਨ। ਪਰ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਡੀਪੀਆਰ ਵਿੱਚ ਗ਼ਲਤੀ ਕਾਰਨ ਹਰ ਸਾਲ ਇੱਕ ਲੱਖ ਤੋਂ ਵੱਧ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਦਿੰਦੇ ਹਨ।
ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਸਲਾਹਕਾਰਾਂ ਦੁਆਰਾ ਤਿਆਰ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ (ਡੀਪੀਆਰ) ਵਿੱਚ ਗ਼ਲਤੀਆਂ ਕਾਰਨ ਦੇਸ਼ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ 1.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਿਵਲ ਇੰਜਨੀਅਰਾਂ ਦੀ ਕੌਮੀ ਕਾਨਫਰੰਸ ਵਿੱਚ ਬੋਲਦਿਆਂ ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ ਹਰ ਸਾਲ ਪੰਜ ਲੱਖ ਸੜਕ ਹਾਦਸੇ ਵਾਪਰਦੇ ਹਨ ਅਤੇ ਇਹ ਡੀਪੀਆਰ ਵਿੱਚ ਕੀਤੀਆਂ ਗ਼ਲਤੀਆਂ ਕਾਰਨ ਹੀ ਹੁੰਦਾ ਹੈ। ਇਸ ਲਈ ਬਲਾਇੰਡ ਸਪੌਟਸ ਨੂੰ ਸੁਧਾਰਨ ‘ਤੇ ਜ਼ੋਰ ਦੇਣ ਦੇ ਨਾਲ ਡੀਪੀਆਰਜ਼ ਦੀ ਤਿਆਰੀ ਵਿੱਚ ਗੁਣਾਤਮਕ ਤਬਦੀਲੀ ਦੀ ਲੋੜ ਹੈ।
ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਵਿੱਚ ਕੁੱਲ 1,20,806 ਘਾਤਕ ਹਾਦਸਿਆਂ ਵਿੱਚੋਂ 43,412 ਰਾਸ਼ਟਰੀ ਰਾਜ ਮਾਰਗਾਂ ਉੱਤੇ, 30,171 ਰਾਜ ਮਾਰਗਾਂ ਉੱਤੇ ਅਤੇ 47,223 ਹੋਰ ਸੜਕਾਂ ਉੱਤੇ ਵਾਪਰੇ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਘਾਤਕ ਹਾਦਸਿਆਂ ਦਾ ਸ਼ਿਕਾਰ ਜ਼ਿਆਦਾਤਰ ਨੌਜਵਾਨ ਹੀ ਹੁੰਦੇ ਹਨ। ਅਜਿਹੇ ‘ਚ ਨੌਜਵਾਨਾਂ ਨੂੰ ਸੜਕਾਂ ‘ਤੇ ਧਿਆਨ ਨਾਲ ਵਾਹਨ ਚਲਾਉਣ ਦੀ ਲੋੜ ਹੈ।