ਨੈਤਿਕਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਇੰਟਰ ਕਾਲਜ ਭਾਸ਼ਣ ਮੁਕਾਬਲਾ ਕਰਵਾਇਆ ਗਿਆ

ਖ਼ਾਲਸਾ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸੈਮੀਨਾਰ ਦੌਰਾਨ ’ਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ, ਜਗਤ ਪੰਜਾਬੀ ਸਭਾ ਦੇ ਪ੍ਰਬੰਧਕ ਅਤੇ ਨਾਲ ਖੜ੍ਹੇ ਡਾ. ਖੁਸ਼ਵਿੰਦਰ ਕੁਮਾਰ ਤੇ ਹੋਰ।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਅਤੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਸਹਿਯੋਗ ਨਾਲ ਇੰਟਰ ਕਾਲਜ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਜਿਸ ’ਚ ਜਗਤ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਅਤੇ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖਾਲਸਾ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਯਤਨਾਂ ਸਦਕਾ ਕਰਵਾਏ ਗਏ ਉਕਤ ਮੁਕਾਬਲੇ ’ਚ ਵੱਖ-ਵੱਖ ਕਾਲਜਾਂ ਦੇ 12 ਵਿਦਿਆਰਥੀਆਂ ਅਤੇ 13 ਅਧਿਆਪਕਾਂ ਨੇ ਭਾਗ ਲਿਆ।

ਇਸ ਮੁਕਾਬਲੇ ਦੀ ਸ਼ੁਰੂਆਤ ’ਚ ਡਾ. ਕੁਮਾਰ ਵੱਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਕੁਮਾਰ ਨੇ ਸਮੂੰਹ ਸਰੋਤਿਆਂ ਨਾਲ ਭਾਸ਼ਣ ਮੁਕਾਬਲੇ ਦੇ ਮੁੱਖ ਵਿਸ਼ਿਆ ਨੈਤਿਕਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਜੋਕੇ ਸਮੇਂ ’ਚ ਨੈਤਿਕਤਾ ’ਚ ਆ ਰਹੀ ਗਿਰਾਵਟ ਦੇ ਕਾਰਨਾਂ ਬਾਰੇ ਦੱਸਦਿਆਂ ਆਪਣੇ ਅੰਤਰਮਨ ਨੂੰ ਨੈਤਿਕਤਾ ਦੇ ਰਾਹ ’ਤੇ ਤੋਰਨ ਲਈ ਪੇ੍ਰਰਿਤ ਕੀਤਾ। ਉਨ੍ਹਾਂ ਕਿਹਾ ਉਕਤ ਪ੍ਰੋਗਰਾਮ ’ਚ ਉੱਘੇ ਕਹਾਣੀਕਾਰ ਡਾ. ਅਰਵਿੰਦਰ ਕੌਰ ਧਾਲੀਵਾਲ, ਡਾ. ਨਵਦੀਪ ਕੌਰ (ਅਸਿਸਟੈਂਟ ਪ੍ਰੋਫੈਸਰ, ਡੀ. ਏ. ਵੀ ਕਾਲਜ, ਅੰਮ੍ਰਿਤਸਰ), ਪ੍ਰੋ: ਪਿਆਰਾ ਸਿੰਘ (ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ), ਪ੍ਰੋ: ਕੁਲਦੀਪ ਸਿੰਘ, ਪ੍ਰੋ: ਸੁਹਿੰਦਰਬੀਰ ਸਿੰਘ (ਸਾਬਕਾ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ।

ਇਸ ਮੌਕੇ ਡਾ. ਮਹਿਲ ਸਿੰਘ ਨੇ ਪੰਜਾਬੀ ਭਾਸ਼ਾ ਦੇ ਇਤਿਹਾਸਕ ਪਰਿਪੇਖ ਸਬੰਧੀ ਚਰਚਾ ਕਰਦਿਆਂ ਸੰਚਾਰ ਅਤੇ ਗਿਆਨ ਦੀ ਭਾਸ਼ਾ ਵਿਚਲੇ ਅੰਤਰ ਨੂੰ ਸਪਸ਼ੱਟ ਕਰਦਿਆਂ ਭਾਸ਼ਾਈ ਭਿੰਨਤਾ ਅਤੇ ਉਸਦੇ ਤੱਤਾਂ, ਸਭਿਆਚਾਰ, ਧਰਮ ਅਤੇ ਮਿਥਿਹਾਸ ਬਾਰੇ ਚਰਚਾ ਕੀਤੀ। ਜਦਕਿ ਸ: ਚੱਠਾ ਨੇ ਕਾਇਦਾ-ਏ-ਨੂਰ ਬਾਰੇ ਚਰਚਾ ਕਰਦਿਆਂ ਨੌਜਵਾਨ ਪੀੜ੍ਹੀ ਨੂੂੰ ਆਪਣੀ ਭਾਸ਼ਾ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਜਗਤ ਪੰਜਾਬੀ ਸਭਾ ਦੁਆਰਾ ਡਾ. ਮਹਿਲ ਸਿੰਘ ਨੂੰ ਪੰਜਾਬੀ ਨਾਇਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ. ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕਾਬਲੇ ’ਚ ਖਾਲਸਾ ਕਾਲਜ ਲਾਅ ਦੀ ਟੀਮ ਨੇ ਪਹਿਲਾ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ. ਟੀ. ਰੋਡ ਨੇ ਦੂਸਰਾ ਅਤੇ ਖਾਲਸਾ ਕਾਲਜ ਫਾਰ ਵੂਮੈਨ ਨੇ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਮੁਕਾਬਲੇ ’ਚ ਸਤਿੰਦਰ ਕੌਰ ਸੁੱਖੀ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਜਾ, ਅਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡਾ. ਮਨਿੰਦਰ ਕੌਰ (ਅਸਿਸਟੈਂਟ ਪ੍ਰੋਫੈਸਰ) ਦੀ ਯੋਗ ਅਗਵਾਈ ’ਚ ਆਯੋਜਿਤ ਪ੍ਰੋਗਰਾਮ ’ਚ ਜਗਤ ਪੰਜਾਬੀ ਸਭਾ ਦੇ ਮੈਂਬਰ ਪ੍ਰਿੰਸੀਪਲ ਸ਼ਰਨਜੀਤ ਕੌਰ, ਪ੍ਰਿੰਸੀਪਲ ਹਰਕੀਰਤ ਕੌਰ, ਮਨਿੰਦਰ ਕੌਰ, ਸਤਿੰਦਰ ਕੌਰ, ਸ: ਗੁਰਵੀਰ ਸਿੰਘ ਸਮੇਤ ਪੂਰੇ ਪੰਜਾਬ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅੰਤ ’ਚ ਡਾ. ਕੁਮਾਰ ਅਤੇ ਡਾ. ਗੁਰਜੀਤ ਕੌਰ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

Related posts

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ

ਸੰਘਰਸ਼ ਕਮੇਟੀ ਤਲਵੰਡੀ ਸਾਬੋ ਮੋਰਚਾ ਵੱਲੋਂ ਬੀ.ਡੀ.ਪੀ.ਓ.ਝੁਨੀਰ ਨੂੰ ਮੰਗ ਪੱਤਰ