ਅੰਮ੍ਰਿਤਸਰ – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਥਾਨਕ ਡਰੀਮ ਸਿਟੀ ਵਿਖੇ ਡਰੀਮ ਸਿਟੀ ਪਰਿਵਾਰ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਅੰਮ੍ਰਿਤਸਰ ਨੂੰ ਡਰੀਮ ਸਿਟੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਹੀ ਮੇਰਾ ਏਜੰਡਾ ਹੈ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਦੇਸ਼ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਅੰਮ੍ਰਿਤਸਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਦਾ ਜ਼ਮੀਨੀ ਪੱਧਰ ’ਤੇ ਕੰਮ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਸਰਦਾਰ ਸੰਧੂ ਨੇ ਨਗਰ ਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਵਿਸ਼ੇਸ਼ ਸੁਝਾਵਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਅੰਮ੍ਰਿਤਸਰ ਨੂੰ ਤਰੱਕੀ, ਖ਼ੁਸ਼ਹਾਲੀ, ਤਕਨੀਕੀ ਵਿਕਾਸ, ਭਾਈਚਾਰਕ ਸਾਂਝ, ਨਸ਼ਾ ਮੁਕਤੀ, ਅਮਨ-ਕਾਨੂੰਨ ਦੀ ਸਥਾਪਤੀ, ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ, ਸਿਹਤ ਸੇਵਾਵਾਂ ਲਈ ਅਣਥੱਕ ਕੰਮ ਕਰਨਗੇ। ਸ਼ਹਿਰ ਦੀ ਸਫ਼ਾਈ ਅਤੇ ਗੁਰੂ ਨਗਰੀ ਨੂੰ ਵਿਸ਼ਵ ਦੇ ਨਕਸ਼ੇ ‘ਤੇ ਚਮਕਾਉਣ ਲਈ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲੈ ਕੇ ਸ਼ਾਨਦਾਰ ਇਤਿਹਾਸ ਰਚਾਂਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਦਾ ਸਹਿਯੋਗ, ਸਮਰਥਨ ਅਤੇ ਭਰੋਸਾ ਹੀ ਮੇਰੀ ਤਾਕਤ ਹੈ। ਅਸੀਂ ਜ਼ਮੀਨੀ ਪੱਧਰ ਤੋਂ ਅੰਮ੍ਰਿਤਸਰ ਦਾ ਮੁੜ ਨਿਰਮਾਣ ਕਰਨਾ ਹੈ। ਆਓ ਅੰਮ੍ਰਿਤਸਰ ਨੂੰ ਇਸ ਦੀ ਅਸਲੀ ਸ਼ਾਨ ਵਿੱਚ ਬਹਾਲ ਕਰੀਏ ਅਤੇ ਇਸ ਨੂੰ ਇੱਕ ਸੈਰ-ਸਪਾਟਾ ਕੇਂਦਰ ਵਿੱਚ ਬਦਲੀਏ ਜੋ ਹਰ ਕਿਸੇ ਨੂੰ ਯਾਦਗਾਰੀ ਅਨੁਭਵ ਪ੍ਰਦਾਨ ਕਰਦਾ ਹੈ। ਅੰਮ੍ਰਿਤਸਰ ਨੂੰ ਇੱਕ ਸ਼ਾਨਦਾਰ ਨਵੀਂ ਪਛਾਣ ਦੇਣ ਲਈ, ਅਸੀਂ ਇਲਾਕੇ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਮੁਕਤ ਕਰਨ ਅਤੇ ਸ਼ਹਿਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਹਾਲ ਕਰਨ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਾਂਗੇ, ਤਾਂ ਜੋ ਵੱਧ ਤੋਂ ਵੱਧ ਸੈਲਾਨੀ ਬਿਨਾਂ ਕਿਸੇ ਚਿੰਤਾ ਦੇ ਇਸ ਖੇਤਰ ਵਿੱਚ ਆਉਣ। ਇਸ ਮੌਕੇ ਡਰੀਮ ਸਿਟੀ ਸੁਸਾਇਟੀ ਦੇ ਪ੍ਰਧਾਨ ਡਾ. ਇੰਦਰਜੀਤ ਸਿੰਘ ਪਸਰੀਚਾ, ਜਨਰਲ ਸਕੱਤਰ ਡਾ. ਗੁਰ ਪੂਰਨ ਸਿੰਘ ਨੇ ਕਿਹਾ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਦੇ ਸਾਫ਼ ਸੁਥਰੇ ਅਕਸ ਨੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ। ਅੰਮ੍ਰਿਤਸਰ ਦੇ ਵਿਕਾਸ ਲਈ ਲੋਕਾਂ ਨੇ ਭਾਜਪਾ ਦਾ ਸਾਥ ਦੇਣ ਦਾ ਮਨ ਬਣਾ ਲਿਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਉਹ ਸੰਧੂ ਨੂੰ ਜਿਤਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਦੇ ਮੱਦੇਨਜ਼ਰ ਲੋਕ ਭਾਜਪਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਪ੍ਰਣ ਲੈ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ 400 ਤੋਂ ਵੱਧ ਉਮੀਦਵਾਰਾਂ ਨੂੰ ਜਿਤਾ ਕੇ ਇਤਿਹਾਸਕ ਜਿੱਤ ਦਰਜ ਕਰਨਗੇ | ਆਗੂਆਂ ਨੇ ਕਿਹਾ ਕਿ ਭਾਜਪਾ ਦੇ ਵਿਕਾਸ ਮਾਡਲ ਨਾਲ ਆਪਣੇ ਇਲਾਕੇ ਦੇ ਵਿਕਾਸ ਅਤੇ ਗੁਰੂ ਨਗਰੀ ਨੂੰ ਉੱਚਾ ਚੁੱਕਣ ਲਈ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਮੌਕੇ ਹਰਿੰਦਰ ਅਗਰਵਾਲ, ਮੀਤ ਪ੍ਰਧਾਨ ਡਾ. ਸੂਰ, ਅਸ਼ੋਕ ਕੁਮਾਰ ਅਰੋੜਾ, ਅਮਨ ਹੈਰੀ ਕੌਂਸਲਰ, ਸੁਨੀਲ ਦੇਵਗਨ, ਬਲਵਿੰਦਰ ਕੌਰ, ਨਵੀਂ ਇੰਦਰ ਸਿੰਘ, ਯਗਦਤ ਅਗਰਵਾਲ, ਰਮੇਸ਼ ਕੁਮਾਰ ਅਗਰਵਾਲ, ਵਿਜੈ ਕੁਮਾਰ ਭਾਟੀਆ ਨੇ ਸ. ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਅਤੇ ਸ. ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।