ਚੰਡੀਗੜ੍ਹ – ਵਿਕਸਤ ਭਾਰਤ ਸੰਕਲਪ ਯਾਤਰਾ ਵਿੱਚ ਸਹਿਯੋਗ ਨਾ ਦੇਣ ਦੀ ਭਗਵੰਤ ਸਿੰਘ ਮਾਨ ਸਰਕਾਰ ਦੀ ਮਾੜੀ ਸੋਚ ਸੂਬੇ ਦੇ ਲੋਕਾਂ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਹ ਗੱਲ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਹੀ।
ਵਿਕਾਸ ਭਾਰਤ ਸੰਕਲਪ ਯਾਤਰਾ ਤਹਿਤ ਰਾਜਪੁਰਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ 500 ਸੌ ਰੁਪਏ ਦੇ ਵਜੀਫੇ ਨਾਲ ਹੁਨਰ ਸਿਖਲਾਈ ਤੋਂ ਇਲਾਵਾ ਸਿਹਤ, 20 ਰੁਪਏ ਦੀ ਮਾਮੂਲੀ ਰਕਮ ਲਈ ਦੋ ਲੱਖ ਦੁਰਘਟਨਾ ਬੀਮਾ ਵਰਗੀਆਂ 14 ਸਕੀਮਾਂ ਦਾ ਲਾਭ ਇਸ ਪ੍ਰੋਗਰਾਮ ਤਹਿਤ ਦਿੱਤਾ ਜਾ ਰਿਹਾ ਹੈ।
ਪਰ ਆਪ ਪਾਰਟੀ ਦੀ ਸੂਬਾ ਸਰਕਾਰ ਅੜਿੱਕਾ ਬਣ ਕੇ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਬੇਰੁਖ਼ੀ ਦਾ ਸਬੂਤ ਦੇ ਰਹੀ ਹੈ ਅਤੇ ਇਸ ਯਾਤਰਾ ਵਿਚ ਸਹਿਯੋਗ ਨਹੀਂ ਕਰ ਰਹੀ ਹੈ। ਰਾਜ ਸਰਕਾਰ ਇਸ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਤਹਿਤ ਮਿਲਣ ਵਾਲੇ ਲਾਭਾਂ ਅਤੇ ਸਬਸਿਡੀਆਂ ਨੂੰ ਸਮਰਥਨ ਨਾ ਦੇ ਆਮ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ।
ਇਸ ਨੂੰ ਪਿਛਾਂ ਖਿਚੂ ਪਹੁੰਚ ਦੱਸਦਿਆਂ ਜਾਖੜ ਨੇ ਕਿਹਾ ਕਿ ਸੂਬੇ ਵਿੱਚ ਰੇਤ ਅਤੇ ਸ਼ਰਾਬ ਮਾਫੀਆ ਦਾ ਬੋਲਬਾਲਾ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਮੀਤ ਸਿੰਘ ਮੀਤ ਹੇਅਰ ਅਨੁਸਾਰ ਰੇਤ ਦਾ ਰੇਟ ਅਜੇ ਵੀ 5 ਰੁਪਏ ਦੀ ਬਜਾਏ 45 ਰੁਪਏ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਈਡੀ ਤੋਂ ਬਚਣ ਦੀ ਕੋਸਿ਼ਸ ਵਿਚ ਦਸ ਦਿਨਾਂ ਦੀ ਵਿਪਾਸਨਾ ਲਈੇ ਚਲੇ ਗਏ ਹਨ ਪਰ ਉਨ੍ਹਾਂ ਦੇ ਅਜਿਹਾ ਕਰਨ ਨਾਲ ਸੱਚਾਈ ਨਹੀਂ ਬਦਲ ਸਕਦੀ ਕਿਉਂਕਿ ਪੈਸੇ ਦੇ ਹੋਏ ਪ੍ਰਵਾਹ ਦਾ ਪਤਾ ਲੱਗ ਗਿਆ ਹੈ।
ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ 20 ਹਜ਼ਾਰ ਕਰੋੜ ਅਤੇ 40 ਹਜ਼ਾਰ ਕਰੋੜ ਦੇ ਗਬਨ ਕਰਨ ਵਾਲੇ ਰੇਤ ਅਤੇ ਸ਼ਰਾਬ ਮਾਫੀਆ ਨੂੰ ਬੇਪਰਦਾ ਕੀਤਾ ਜਾਵੇਗਾ ਅਤੇ ਜਾਇਜ਼ ਪੈਸਾ ਵਿਕਾਸ ਕਾਰਜਾਂ ਤੇ ਵਰਤਿਆ ਜਾਵੇਗਾ ਜਦ ਕਿ ਹੁਣ ਇਹ ਪੈਸਾ ਸਰਕਾਰੀ ਖਜ਼ਾਨੇ ਚ ਨਹੀਂ ਗਿਆ ਸਗੋਂ ਆਪ ਦੇ ਖਜ਼ਾਨੇ ਚ ਗਿਆ ਹੈ।
ਆਮ ਆਦਮੀ ਪਾਰਟੀ ਸਰਕਾਰ ਦੇ ਪ੍ਰਸ਼ਾਸਨਿਕ ਅਨਾੜੀਪੁਨੇ ਤੇ ਚੁਟਕੀ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਕੋਲ 8 ਹਜ਼ਾਰ ਕਰੋੜ ਰੁਪਏ ਅਣਵਰਤੇ ਪਏ ਹਨ ਅਤੇ ਮੁੱਖ ਮੰਤਰੀ ਕੇਂਦਰ ਸਰਕਾਰ ਤੇ ਗਲਤ ਦੋਸ਼ ਲਗਾਉਣ ਚ ਲੱਗੇ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਅਮਨ—ਕਾਨੂੰਨ ਦੀ ਸਥਿਤੀ ਚਿੰਤਾਜਨਕ ਹੱਦ ਤੱਕ ਵਿਗੜ ਗਈ ਹੈ ਕਿਉਂਕਿ ਅਗਵਾ, ਫਿਰੌਤੀ ਅਤੇ ਕਤਲ ਦਿਨੋਂ—ਦਿਨ ਵਾਪਰਦੀਆਂ ਘਟਨਾਵਾਂ ਹਨ। ਜੇਲ੍ਹਾਂ ਵਿੱਚੋਂ ਚੱਲ ਰਹੇ ਗੈਂਗ ਸੂਬੇ ਵਿੱਚ ਰਾਜ ਕਰ ਰਹੇ ਹਨ। ਗੈਂਗਸਟਰਾਂ ਵੱਲੋਂ ਜੇਲ੍ਹ ਵਿੱਚੋਂ 46 ਹਜ਼ਾਰ ਤੋਂ ਵੱਧ ਕਾਲਾਂ ਕੀਤੀਆਂ ਗਈਆਂ । ਰਾਜ ਵਿਚ ਡਰ ਦਾ ਮਾਹੌਲ ਹੈ ਕਿਉਂਕਿ ਪੁਲਿਸ ਵੀ ਔਰਤਾਂ ਨੂੰ ਇਹ ਸੁਝਾਅ ਦੇ ਰਹੀ ਹੈ ਕਿ ਉਹ ਗਹਿਣੇ ਉਤਾਰ ਦੇਣ ਤਾਂ ਜੋ ਉਨ੍ਹਾ ਤੇ ਹਮਲਾ ਨਾ ਹੋਵੇੇ।
ਵਿਕਸਤ ਭਾਰਤ ਸੰਕਲਪ ਯਾਤਰਾ ਦੀ ਸ਼ਲਾਘਾ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ 2 ਕਰੋੜ ਔਰਤਾਂ ਨੂੰ ਲਖਪਤੀ ਬਣਾਉਣ ਦਾ ਵਿਜ਼ਨ ਅਤੇ ਵਚਨਬੱਧਤਾ ਹੈ। ਦੇਸ਼ ਦੀਆਂ ਔਰਤਾਂ ਦੀ ਆਰਥਿਕ ਸਥਿਤੀ ਨੂੰ ਅੱਗੇ ਵਧਾਉਣ ਲਈ ਮੋਦੀ ਦੀ ਰਾਜਨੀਤਿਕਤਾ ਸ਼ਲਾਘਾਯੋਗ ਹੈ। ਸਮਾਗਮ ਵਿੱਚ ਪ੍ਰਮੁੱਖ ਆਗੂ ਸ੍ਰੀ ਹਰਜੀਤ ਸਿੰਘ ਗਰੇਵਾਲ, ਸ੍ਰੀਮਤੀ ਜੈਇੰਦਰ ਕੌਰ, ਸ੍ਰੀ ਜਗਦੀਪ ਸਿੰਘ ਨਕਈ, ਸ੍ਰੀ ਜਗਮੋਹਨ ਰਾਜੂ ਅਤੇ ਸ੍ਰੀ ਜਗਦੀਸ਼ ਜੱਗਾ ਹਾਜ਼ਰ ਸਨ।