ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਅਧਨੋਮ ਘੇਬੇਰਸਸ ਨੂੰ ਨਵਾਂ ਨਾਂ ਦਿੱਤਾ-ਤੁਲਸੀ ਭਾਈ। ਖ਼ਾਸ ਗੱਲ ਇਹ ਹੈ ਕਿ ਮੋਦੀ ਨੇ ਡਾ. ਟੇਡ੍ਰੋਸ ਨੂੰ ਇਹ ਨਾਂ ਉਨ੍ਹਾਂ ਦੀ ਬੇਨਤੀ ‘ਤੇ ਹੀ ਦਿੱਤਾ ਹੈ। ਅਸਲ ‘ਚ ਟੇਡ੍ਰੋਸ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਜੀਵਨ ਦੇ ਅਹਿਮ ਪੜਾਅ ‘ਚ ਭਾਰਤ ਦੇ ਅਧਿਆਪਕਾਂ ਦਾ ਉਨ੍ਹਾਂ ‘ਤੇ ਪ੍ਰਭਾਵ ਰਿਹਾ ਹੈ। ਬਚਪਨ ‘ਚ ਉਨ੍ਹਾਂ ਨੇ ਭਾਰਤੀ ਅਧਿਆਪਕਾਂ ਨੂੰ ਪੜਿ੍ਹਆ ਹੈ। ਹੁਣ ਤਾਂ ਉਹ ਪੱਕੇ ਗੁਜਰਾਤੀ ਹੋ ਗਏ ਹਨ। ਇਸ ਲਈ ਉਨ੍ਹਾਂ ਦਾ ਕੋਈ ਗੁਜਰਾਤੀ ਨਾਂ ਰੱਖਿਆ ਜਾਵੇ।
ਬੁੱਧਵਾਰ ਨੂੰ ਆਲਮੀ ਆਯੂਸ਼ ਨਿਵੇਸ਼ ਤੇ ਇਨੋਵੇਸ਼ਨ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਮੈਂ ਡਾ. ਟੇਡ੍ਰੋਸ ਨੂੰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕੋਈ ਗੁਜਰਾਤੀ ਨਾਂ ਦੇਣ ਲਈ ਕਿਹਾ। ਸਟੇਜ ‘ਤੇ ਉਨ੍ਹਾਂ ਨੇ ਮੈਨੂੰ ਫਿਰ ਤੋਂ ਇਸ ਦੀ ਯਾਦ ਦਿਵਾਈ। ਇਸ ‘ਤੇ ਮੈਂ ਉਨ੍ਹਾਂ ਲਈ ਇਕ ਨਾਂ ਸੋਚਿਆ ਹੈ। ਮਹਾਤਮਾ ਗਾਂਧੀ ਦੀ ਪਵਿੱਤਰ ਭੂਮੀ ‘ਤੇ ਇਕ ਗੁਜਰਾਤੀ ਦੇ ਰੂਪ ‘ਚ ਆਪਣੇ ਚੰਗੇ ਦੋਸਤ ਨੂੰ ਮੈਂ ਤੁਲਸੀ ਭਾਈ ਨਾਂ ਦਿੰਦਾ ਹਾਂ।
ਮੋਦੀ ਨੇ ਕਿਹਾ ਕਿ ਭਾਰਤ ਦੀ ਅਧਿਆਤਮਕ ਪਰੰਪਰਾ ‘ਚ ਤੁਲਸੀ ਦਾ ਅਹਿਮ ਸਥਾਨ ਰਿਹਾ ਹੈ। ਭਾਰਤੀ ਸੰਸਕ੍ਰਿਤੀ ‘ਚ ਤੁਲਸੀ ਦੀ ਪੂਜਾ ਕੀਤੀ ਜਾਂਦੀ ਹੈ। ਦੀਵਾਲੀ ਦੇ ਆਸਪਾਸ ਤੁਲਸੀ ਵਿਆਹ ਦੀ ਵੀ ਪਰੰਪਰਾ ਹੈ ਤੇ ਗੁਜਰਾਤੀ ਲਈ ਭਾਈ ਉਪਨਾਮ ਜ਼ਰੂਰੀ ਹੈ।
ਡਾ. ਟੇਡ੍ਰੋਸ ਨੂੰ ਤੁਲਸੀ ਭਾਈ ਨਾਂ ਦੇ ਕੇ ਪ੍ਰਧਾਨ ਮੰਤਰੀ ਮੋਦੀ ਬਹੁਤ ਖ਼ੁਸ਼ ਦਿਖਾਈ ਦਿੱਤੇ। ਉਨ੍ਹਾਂ ਨੇ ਗੁਜਰਾਤ ਪ੍ਰਤੀ ਉਨ੍ਹਾਂ ਦੇ ਲਗਾਓ ‘ਤੇ ਵੀ ਖ਼ੁਸ਼ੀ ਪ੍ਰਗਟਾਈ। ਗੁਜਰਾਤੀ ‘ਚ ਬੋਲਣ ਦੇ ਡਬਲਯੂਐੱਚਓ ਮੁਖੀ ਦੇ ਯਤਨਾਂ ਤੇ ਭਾਰਤੀ ਅਧਿਆਪਕਾਂ ਪ੍ਰਤੀ ਸਨੇਹ ਦਾ ਵੀ ਉਨ੍ਹਾਂ ਨੇ ਜ਼ਿਕਰ ਕੀਤਾ।