ਨਵੀਂ ਦਿੱਲੀ – ਬੰਗਲਾਦੇਸ਼ ’ਚ ਭਾਰੀ ਹਿੰਸਾ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਫੌਜ ਮੁਖੀ ਵਕਾਰ-ਉਜ਼-ਜ਼ਮਾਨ ਨੇ ਹਸੀਨਾ ਨੂੰ 45 ਮਿੰਟਾਂ ਦੇ ਅੰਦਰ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇਸ਼ ਛੱਡ ਕੇ ਸੁਰੱਖਿਅਤ ਸਥਾਨ ’ਤੇ ਚਲੀ ਗਈ ਹੈ।
ਪ੍ਰਦਰਸ਼ਨਕਾਰੀ ਸ਼ੇਖ ਹਸੀਨਾ ਦੇ ਘਰ ’ਚ ਦਾਖਲ ਹੋ ਗਏ ਹਨ ਅਤੇ ਭੰਨਤੋੜ ਕਰ ਰਹੇ ਹਨ। ਦੇਸ਼ ਦੇ ਕਈ ਇਲਾਕਿਆਂ ਵਿੱਚ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਹਿੰਸਾ ਵਿੱਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੇਖ ਹਸੀਨਾ ਦੇ ਨਾਲ ਉਨ੍ਹਾਂ ਦੀ ਭੈਣ ਵੀ ਢਾਕਾ ਛੱਡ ਗਈ ਹੈ।
ਬੰਗਲਾਦੇਸ਼ ਦੇ ਫੌਜ ਮੁਖੀ ਨੇ ਹਸੀਨਾ ਨੂੰ ਕਿਹਾ ਸੀ ਕਿ ਉਹ ਸਨਮਾਨਜਨਕ ਤਰੀਕੇ ਨਾਲ ਸੱਤਾ ਤੋਂ ਅਸਤੀਫਾ ਦੇ ਦੇਵੇ। ਇਸ ਦੌਰਾਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁੱਤਰ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣ-ਚੁਣੀ ਸਰਕਾਰ ਨੂੰ ਸੱਤਾ ਵਿਚ ਆਉਣ ਤੋਂ ਰੋਕਣ। ਫੌਜ ਮੁਖੀ ਰਾਸ਼ਟਰ ਨੂੰ ਸੰਬੋਧਨ ਕਰਨ ਜਾ ਰਹੇ ਹਨ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਸ਼ੁਰੂ ਹੋਈ ਹਿੰਸਾ ਵਿੱਚ ਕੁਝ ਘੰਟਿਆਂ ਵਿੱਚ ਹੀ 300 ਲੋਕਾਂ ਦੀ ਮੌਤ ਹੋ ਗਈ ਅਤੇ ਅਰਬਾਂ ਦੀ ਜਾਇਦਾਦ ਨੂੰ ਅੱਗ ਲਾ ਦਿੱਤੀ ਗਈ। ਸਾਰੇ ਵੱਡੇ ਸ਼ਹਿਰਾਂ ’ਚ ਲੱਖਾਂ ਲੋਕ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਹਨ। ਰਾਜਧਾਨੀ ਢਾਕਾ ’ਤੇ ਪ੍ਰਦਰਸ਼ਨਕਾਰੀਆਂ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਅਤੇ ਲੱਖਾਂ ਲੋਕ ਪ੍ਰਮੁੱਖ ਚੌਕੀਆਂ ’ਤੇ ਇਕੱਠੇ ਹੋਏ ਹਨ। ਪਿਛਲੇ ਕੁਝ ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਪ੍ਰਦਰਸ਼ਨਾਂ ਦੌਰਾਨ ਹਿੰਸਾ ਵਿੱਚ 300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਦੇਸ਼ ਦੀ ਅਵਾਮੀ ਲੀਗ ਸਰਕਾਰ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ।
ਸਰਕਾਰੀ ਨੌਕਰੀਆਂ ’ਚ ਵਿਵਾਦਿਤ ਰਾਖਵੇਂਕਰਨ ਖਿਲਾਫ਼ ਦੇਸ਼ ਭਰ ਵਿਚ ਜਾਰੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਥਲ ਸੈਨਾ ਮੁਖੀ ਵਕਾਰ-ਉਜ਼-ਜ਼ਮਾਨ ਨੇ ਫੌਜ ਤੇ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ ਹਨ। ਉਧਰ ਹਸੀਨਾ ਦੇਸ਼ ਛੱਡ ਕੇ ਨਵੀਂ ਦਿੱਲੀ ਪਹੁੰਚ ਗਈ ਹੈ। ਉਨ੍ਹਾਂ ਦਾ ਜਹਾਜ਼ ਭਾਰਤੀ ਹਵਾਈ ਸੈਨਾ ਦੇ ਹਿੰਡਨ ਏਅਰ ਬੇਸ ਉੱਤੇ ਉਤਰਿਆ। ਬੰਗਲਾਦੇਸ਼ ਵਿਚ ਪ੍ਰਦਰਸ਼ਨਾਂ ਦੇ ਲੰਘੇ ਦਿਨ ਹਿੰਸਕ ਰੂਪ ਧਾਰਨ ਮਗਰੋਂ ਪਿਛਲੇ ਦੋ ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ।
ਮ੍ਰਿਤਕਾਂ ਵਿਚ ਪੁਲੀਸ ਮੁਲਾਜ਼ਮ ਅਤੇ ਸੱਤਾਧਾਰੀ ਅਵਾਮੀ ਲੀਗ ਦੇ ਆਗੂ ਤੇ ਕਾਰਕੁਨ ਵੀ ਸ਼ਾਮਲ ਹਨ। ਉਧਰ, ਦਿੱਲੀ ਪੁਲੀਸ ਨੇ ਇਥੇ ਬੰਗਲਾਦੇਸ਼ ਹਾਈ ਕਮਿਸ਼ਨ ਦੀ ਸੁਰੱਖਿਆ ਵਧਾ ਦਿੱਤੀ ਹੈ। ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਬੰਗਲਾਦੇਸ਼ ਵਿਚ ਨਿੱਤ ਬਦਲਦੇ ਘਟਨਾਕ੍ਰਮ ਦਰਮਿਆਨ ਗੁਆਂਢੀ ਮੁਲਕ ਨਾਲ ਲੱਗਦੀ 4096 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਆਪਣੇ ਸਾਰੇ ਅਹਿਮ ਟਿਕਾਣਿਆਂ ਲਈ ‘ਹਾਈ ਅਲਰਟ’ ਜਾਰੀ ਕੀਤਾ ਹੈ। –