ਪੰਚਾਇਤੀ ਚੋਣਾਂ ਤਹਿਤ ਪੰਜਾਬ ’ਚ ਪਈਆਂ ਵੋਟਾਂ

ਸਰਪੰਚਾਂ-ਪੰਚਾਂ ਦੀਆਂ ਖਾਲੀ ਸੀਟਾਂ ਲਈ ਵੋਟਾਂ ਐਤਵਾਰ, 18 ਜਨਵਰੀ 2026 ਨੂੰ ਪੈਣਗੀਆਂ।

ਚੰਡੀਗੜ੍ਹ – ਪੰਜਾਬ ’ਚ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਗ੍ਰਾਮ ਪੰਚਾਇਤਾਂ ਲਈ ਵੋਟਿੰਗ ਮੁਕੰਮਲ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ‘ਸਰਪੰਚ’ ਅਤੇ ‘ਪੰਚ’ ਦੇ ਅਹੁਦਿਆਂ ਲਈ ਬੈਲਟ ਪੇਪਰਾਂ ਰਾਹੀਂ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਸੀ ਜੋ ਕਿ ਸ਼ਾਮ 4 ਵਜੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਗਈ ਅਤੇ ਨਤੀਜੇ ਐਲਾਨੇ ਗਏ। ਦੂਜੇ ਪਾਸੇ ਇਨ੍ਹਾਂ ਚੋਣਾਂ ਦੌਰਾਨ ਕਈ ਥਾਂਵਾਂ ’ਤੇ ਹਿੰਸਾਂ ਅਤੇ ਭੰਨਤੋੜ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਸਾਹਮਣੇ ਆਈਆਂ ਜਿਸ ਦੌਰਾਨ ਕੁਝ ਲੋਕ ਜ਼ਖ਼ਮੀ ਹੋਏ।
ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਐਲਾਨੇ ਗਏ ਨਤੀਜਿਆਂ ’ਚ 21 ਸਾਲਾ ਨਵਨੀਤ ਕੌਰ ਸੰਗਰੂਰ ਦੇ ਹਰਕਿਸ਼ਨਪੁਰਾ ਦੀ ਸਰਪੰਚ ਬਣੀ। ਸ਼ਾਹਕੋਟ ਦੇ ਪਿੰਡ ਲੋਹੀਆਂ ਵਿੱਚ ਪੰਚਾਇਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ। ਇਸ ਵਿੱਚ ਕਮਲਜੀਤ ਸਿੰਘ ਸਰਪੰਚ ਚੁਣੇ ਗਏ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਦੇ ਅਹੁਦਿਆਂ ਲਈ 3798 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਨ ਸੈਣ ਭਗਤ ਵਿੱਚ ਇੱਕ ਪੋਲਿੰਗ ਬੂਥ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮਨਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਖੁੱਡੀਆਂ ਵਿਖੇ ਆਪਣੇ ਬੇਟੇ ਨਾਲ ਵੋਟ ਪਾਈ ਜਦਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਨੇ ਕੁਝ ਤਕਨੀਕੀ ਕਾਰਨਾਂ ਕਰਕੇ ਲੁਧਿਆਣਾ ਦੇ ਜਗਰਾਓਂ ਸਬ-ਡਿਵੀਜ਼ਨ ਦੇ ਡੱਲਾ ਅਤੇ ਪੋਨਾ ਪਿੰਡਾਂ ਵਿੱਚ ਵੋਟਿੰਗ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਵੋਟਾਂ ਪੈਣ ਦੀ ਅਗਲੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।ਇਸੇ ਤਰ੍ਹਾਂ ਮਾਨਸਾ ਖੁਰਦ ਦੀ ਵੀ ਪੰਚਾਇਤ ਚੋਣ ਬੈਲਟ ਪੇਪਰ ਗ਼ਲਤ ਛਪਣ ਕਾਰਨ ਰੱਦ ਕਰ ਦਿੱਤੀ ਗਈ।
ਹੁਸ਼ਿਆਰਪਰ ਦੇ ਪਿੰਡ ਡਗਾਣਾ ਖੁਰਦ ਵਿਖੇ ਸਰਪੰਚੀ ਦੀ ੳਮੀਦਵਾਰ ਪ੍ਰਵਾਸੀ ਮਜ਼ਦੂਰ ਰਾਮ ਬਾਈ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ।
ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਲਈ 19,110 ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ 1,187 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਸੀ। ਰਾਜ ਵਿੱਚ 13,225 ਗ੍ਰਾਮ ਪੰਚਾਇਤਾਂ ਹਨ। ਅਧਿਕਾਰੀ ਅਨੁਸਾਰ 9,398 ਗ੍ਰਾਮ ਪੰਚਾਇਤਾਂ ਵਿੱਚ ‘ਸਰਪੰਚ’ ਦੀਆਂ ਅਸਾਮੀਆਂ ਖਾਲੀ ਹਨ। ਸਰਪੰਚ ਦੇ ਅਹੁਦੇ ਲਈ 3798 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਸਵੇਰ ਤੋਂ ਹੀ ਕਈ ਪੋਲਿੰਗ ਸਟੇਸ਼ਨਾਂ ’ਤੇ ਬਜ਼ੁਰਗ ਵੋਟਰ, ਔਰਤਾਂ ਅਤੇ ਨੌਜਵਾਨ ਕਤਾਰਾਂ ’ਚ ਖੜ੍ਹੇ ਦੇਖੇ ਗਏ।

Related posts

ਮੇਰੇ ਸਵਾਲਾਂ ਦੇ ਜਵਾਬ ਦਿਓ ਨਹੀਂ ਤਾਂ ਮੈਂ ਸੰਗਤ ਨੂੰ ਸਭ ਕੁੱਝ ਦੱਸਾਂਗਾ – ਗਿਆਨੀ ਰਘੁਬੀਰ ਸਿੰਘ

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ