ਪੰਜਾਬੀ ਸੱਭਿਅਤਾ ਦੇ ਅਹਿਮ ਪਾਤਰ

ਪੁਰਾਤਨ ਸੱਭਿਅਤਾ ਦੌਰਾਨ ਮਨੁੱਖ ਨੇ ਚੇਤਨਾ ਆਉਣ ਉਪਰੰਤ ਆਪਣਾ ਤਨ ਦਰੱਖਤਾਂ ਦੇ ਰੰਗਦਾਰ ਪੱਤਿਆਂ ਨਾਲ ਕੱਜਣਾ ਸ਼ੁਰੂ ਕੀਤਾ। ਵੈਦਿਕ ਕਾਲ ਦੀ ਸੱਭਿਅਤਾ ਦੇ ਸਮੇਂ ਮਨੁੱਖ ਸਰੀਰ ਢਕਣ ਲਈ ਕੱਪੜਿਆਂ ਦੀ ਕਾਢ ਤਕ ਪਹੁੰਚਿਆ। ਉਸ ਸਮੇਂ ਅਣਸਿਉਂਤੇ ਕੱਪੜੇ ਸਾੜੀ, ਧੋਤੀ ਅਤੇ ਪਗੜੀ ਆਦਿ ਪਹਿਨੇ ਜਾਂਦੇ ਸਨ। ਵੈਦਿਕ ਸੱਭਿਅਤਾ ਦੇ ਵਿਕਾਸ ਸਮੇਂ ਮਨੁੱਖ ਜਦੋਂ ਹੁਨਰੀ ਬਣਨਾ ਸ਼ੁਰੂ ਹੋਇਆ ਤਾਂ ਉਸ ਨੇ ਸਿਉਂਤੇ ਕੱਪੜੇ ਪਹਿਨਣੇ ਸ਼ੁਰੂ ਕੀਤੇ। ਰੋਟੀ, ਕੱਪੜੇ ਅਤੇ ਮਕਾਨ ਦੀਆਂ ਲੋੜਾਂ ਦੀ ਪੂਰਤੀ ਲਈ ਜਦੋਂ ਮਨੁੱਖ ਪੂਰੀ ਤਰ੍ਹਾਂ ਜਾਗਰੂਕ ਹੋਇਆ ਤਾਂ ਮਕਾਨ ਬਣਾਉਣ ਵਾਲੇ ਕਾਰੀਗਰ, ਅਨਾਜ ਪੈਦਾ ਕਰਨ ਵਾਲੇ ਕਿਸਾਨ (ਜੱਟ), ਕੱਪੜਾ ਸਿਉਣ ਵਾਲੇ ਦਰਜ਼ੀ ਅਤੇ ਕੱਪੜਾ ਰੰਗਣ ਵਾਲੇ ਲਲਾਰੀ ਆਦਿ ਕਿੱਤਾਕਾਰ ਵਰਗ ਹੁਨਰਮੰਦ ਰੂਪ ਵਿੱਚ ਸਥਾਪਤ ਹੋਣ ਲੱਗੇ। ਪੰਜਾਬੀ ਸੱਭਿਅਤਾ ਦੀ ਸ਼ੁਰੂਆਤ ਮੌਕੇ ਹੀ ਦਰਜ਼ੀ ਅਤੇ ਲਲਾਰੀ ਵਰਗਾਂ ਨੇ ਆਪਣੇ ਕਾਰਜ ਖੇਤਰ ਦਾ ਘੇਰਾ ਕਾਫੀ ਵਿਸ਼ਾਲ ਕਰ ਲਿਆ ਸੀ। ਜੇਕਰ ਵਿਭਿੰਨ ਰੰਗਾਂ ਦੀਆਂ ਪੁਸ਼ਾਕਾਂ ਨਾਲ ਪੂਰੇ ਸਰੀਰ ਕੱਜੇ ਪਹਿਰਾਵੇ ਨੂੰ ਗੌਰਵਮਈ ‘ਪੰਜਾਬੀ ਸੱਭਿਆਚਾਰਕ ਪਹਿਰਾਵਾ’ ਆਖ ਕੇ ਵਡਿਆਇਆ ਜਾਂਦਾ ਹੈ ਤਾਂ ਇਸ ਵਿੱਚ ਸਾਡੇ ਦਰਜ਼ੀ ਅਤੇ ਲਲਾਰੀ ਵਰਗਾਂ ਦੀ ਹੀ ਵੱਡੀ ਦੇਣ ਹੈ। ਦਰਜ਼ੀ ਅਤੇ ਲਲਾਰੀ ਦਾ ਜ਼ਿਕਰ ਸਾਡੇ ਸੱਭਿਆਚਾਰਕ ਗੀਤਾਂ ਵਿੱਚ ਅਕਸਰ ਹੀ ਸੁਣਨ ਨੂੰ ਮਿਲਦਾ ਹੈ ।
ਪੰਜਾਬੀ ਸੱਭਿਆਚਾਰ ਵਿੱਚ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਵਿਆਹ-ਸਾਹਿਆਂ ਦੇ ਮੌਕੇ ਦਰਜ਼ੀਆਂ ਅਤੇ ਲਲਾਰੀਆਂ ਦੀ ਲੋੜ ਵਧੇਰੇ ਵੇਖਣ ਨੂੰ ਮਿਲਦੀ ਹੈ। ਵਿਆਹ ਕਰਵਾਉਣ ਜਾ ਰਹੇ ਪੰਜਾਬੀ ਗੱਭਰੂ ਦੀ ਦਰਜ਼ੀ ਪਾਸ ਵਧੇਰੇ ਖਾਹਿਸ਼ ਲਾਲ ਸੂਹੇ ਰੰਗ ਦੀ ਪੁਸ਼ਾਕ ਸਿਉਣ ਦੀ ਹੁੰਦੀ ਸੀ।
ਗੱਲ ਸੁਣ ਲੈ ਦਰਜ਼ੀਆਂ ਓਏ, ਮੇਰਾ ਕੁੜਤਾ ਸਿਉਂਦੇ ਸੂਹਾ।
ਲਾਲ ਦਰਜ਼ੀਆਂ ਮੇਰੀ ਕਮੀਜ਼ ਸਿਉਂਦੇ, ਜਿਹੜੀ ਕਿਸੇ ਗਲ਼ ਨਾ ਪਾਈ ਹੋਵੇ।
ਪੰਜਾਬਣ ਮੁਟਿਆਰ ਆਪਣੀ ਪ੍ਰੀਤ ਨਾਲ ਜੁੜੇ ਗੱਭਰੂ ਦੀ ਪੁਸ਼ਾਕ ਵਰਗੀ ਚੁੰਨੀ ਰੰਗਾਉਣ ਲਈ ਲਲਾਰੀ ਨੂੰ ਗੁਜ਼ਾਰਿਸ਼ ਕਰਦੀ ਹੈ-
ਚੁੰਨੀ ਰੰਗਦੇ ਲਲਾਰੀਆ ਮੇਰੀ, ਵੇ ਮਿੱਤਰਾਂ ਦੀ ਪੱਗ ਵਰਗੀ।
ਕਹਿ ਦੇਈਂ ਵੇ ਲਲਾਰੀ ਨੂੰ, ਦੇ ਡੋਬਾ-ਦੇ ਫੋਬਾ ਫੁਲਕਾਰੀ ਨੂੰ।
ਦਰਜ਼ੀ ਅਤੇ ਲਲਾਰੀ ਕਿਸੇ ਸਮੇਂ ਪਿੰਡਾਂ ਵਿੱਚ ਛਿਮਾਹੀ ਜਾਂ ਸਾਲ ਭਰ ਲਈ ਆਪਣੇ ਕਿੱਤੇ ਦਾ ਪੱਕੇ ਤੌਰ ’ਤੇ ਚਕੋਤਾ ਕਰਦੇ ਸਨ। ਉਹ ਜਿਹੜੇ ਲੋਕਾਂ (ਖਾਸ ਕਰਕੇ ਜ਼ਿਮੀਂਦਾਰ ਪਰਿਵਾਰਾਂ) ਦੇ ਸਾਲ ਭਰ ਦੇ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ, ਉਨ੍ਹਾਂ ਤੋਂ ਹਾੜੀ-ਸਾਉਣੀ ਆਪਣੇ ਮਿਹਨਤਾਨੇ ਵਜੋਂ ਅਨਾਜ ਲੈਂਦੇ ਸਨ, ਉਸ ਤੋਂ ਬਾਅਦ ਇਹ ਕਿੱਤਾਕਾਰ ਵਿਆਹਾਂ ਮੌਕੇ, ਤੀਆਂ ਅਤੇ ਹੋਰਨਾਂ ਦਿਨ-ਤਿਉਹਾਰਾਂ ’ਤੇ ਲੋਕਾਂ ਦੇ ਘਰੀਂ ਆ ਕੇ ਨਿੱਤ ਦੀ ਦਿਹਾੜੀ ਵਾਲੀ ਉਜਰਤ ’ਤੇ ਕੰਮ ਕਰਨ ਲੱਗੇ। ਸਾਡਾ ਸਮਾਜ ਅਤੇ ਕਾਰੋਬਾਰ ਜਦੋਂ ਪਿਛਲੀ ਸਦੀ ਦੇ ਅਖੀਰਲੇ ਦਹਾਕਿਆਂ ਦੌਰਾਨ ਪੂਰੇ ਸਿਸਟਮ ਨਾਲ ਬੱਝ ਗਿਆ ਤਾਂ ਕੱਪੜੇ ਸਿਲਾਈ ਅਤੇ ਰੰਗਾਈ ਦਾ ਭਾਅ ਪ੍ਰਤੀ ਸੂਟ ਵਸੂਲ ਕੀਤਾ ਜਾਣ ਲੱਗਾ। ਕੱਪੜੇ ਦੀ ਮਹਿੰਗਾਈ ਹੋਣ ਉਪਰੰਤ ਕਿਸੇ ਲਾਲਚੀ ਦਰਜ਼ੀ ਵੱਲੋਂ ਸੂਟ ਸਿਲਾਈ ਸਮੇਂ ਕੱਪੜੇ ਦਾ ਕੁਝ ਹਿੱਸਾ ਛੁਪਾ ਕੇ ਰੱਖਣ ਉਪਰੰਤ ਉਸ ਨੂੰ ਲੋਕ ਗੀਤਾਂ ਵਿੱਚ ਕਾਫੀ ਉੱਚਾ-ਨੀਵਾਂ ਸੁਣਨ ਨੂੰ ਮਿਲਦਾ ਹੈ-
ਟੁੱਟ ਪੈਣੇ ਦਰਜ਼ੀ ਨੇ, ਮੇਰੀ ਰੱਖ ਲਈ ਝੱਗੇ ’ਚੋਂ ਟਾਕੀ।
ਪੰਜਾਬੀ ਸੱਭਿਆਚਾਰ ਵਿੱਚ ਕਹਾਵਤ ਹੈ ‘ਖਾਈਏ ਮਨਭਾਉਂਦਾ, ਪਹਿਨੀਏ ਜਗ ਭਾਉਂਦਾ’, ਪਰ ਜਦੋਂ ਕਿਸੇ ਵਿਅਕਤੀ ਦੇ ਪਹਿਨਿਆ ਹੋਇਆ ਲਿਬਾਸ (ਸੂਟ) ਪੰਜਾਬੀ ਸਮਾਜ ਖਾਸ ਕਰਕੇ ਪੇਂਡੂ ਜਨਜੀਵਨ ਵਿੱਚ ਰਲ਼ਦਾ-ਮਿਲਦਾ ਨਾ ਹੋਵੇ, ਤਾਂ ਉਸ ਸੂਟ ਨੂੰ ਸਿਉਣ ਵਾਲਾ ਦਰਜ਼ੀ ਵੀ ਕਈ ਵਾਰ ਉਲਾਂਭੇ ਦਾ ਭਾਈਵਾਲ ਬਣ ਜਾਂਦਾ ਹੈ-
ਅਸੀਂ ਤੇਰੇ ਦਰਜ਼ੀ ’ਤੇ ਕੇਸ ਕਰਨੈ, ਜਿਹੜਾ ਤੇਰੇ ਚੱਕਵੇਂ ਜੇਹੇ ਸੂਟ ਬਣਾਵੇ।
ਅੱਜ-ਕੱਲ੍ਹ ਵੱਖ-ਵੱਖ ਵੰਨਗੀਆਂ ਦੇ ਮਸ਼ੀਨੀ ਰੰਗਾਂ ਨਾਲ ਰੰਗੇ-ਰੰਗਾਏ ਕੱਪੜੇ ਬਾਜ਼ਾਰ ਵਿੱਚ ਆਉਣ ਉਪਰੰਤ ਲਲਾਰੀਆਂ ਦਾ ਧੰਦਾ ਕੁਝ ਸੀਮਤ ਹੋ ਗਿਆ ਹੈ, ਪਰ ਕੱਪੜਾ ਸਿਲਾਈ ਦੇ ਨਵੇਂ ਨਵੇਂ ਨਮੂਨੇ ਵਿਕਸਿਤ ਹੋਣ ਅਤੇ ਸਿਲਾਈ ਕਢਾਈ ਦੀਆਂ ਆਧੁਨਿਕ ਮਸ਼ੀਨਾਂ ਹੋਂਦ ਵਿੱਚ ਆਉਣ ਉਪਰੰਤ ਕਿੱਤਾਮੁਖੀ ਦਰਜ਼ੀਆਂ ਦਾ ਰੁਜ਼ਗਾਰ ਕਾਫ਼ੀ ਠੀਕ ਚੱਲ ਰਿਹਾ ਹੈ। ਆਪਣੇ ਪੇਸ਼ੇ ਵਿੱਚ ਨਾਮ ਸਥਾਪਤ ਕਰ ਚੁੱਕੇ ਦਰਜ਼ੀਆਂ ਨੂੰ ਤਾਂ ਕੰਮ ਤੋਂ ਦਿਨ-ਰਾਤ ਵਿਹਲ ਨਹੀਂ ਮਿਲਦੀ।
-ਗੁਰਦਰਸ਼ਨ ਸਿੰਘ ਲੁੱਧੜ

Related posts

Applications Now Open to Join Multicultural Youth Network

350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਹੋਵੇਗਾ ‘150ਵਾਂ ਹਰਿਵੱਲਭ ਸੰਗੀਤ ਸੰਮੇਲਨ’

ਯੂਕੇ ਵਸਦੇ ਪ੍ਰਸਿੱਧ ਸੰਗੀਤਕਾਰ ਅਮਨ ਹੇਅਰ ਨੇ ਐਲਬਮ “ਜੀ ਐੱਸ 3” ਨਾਲ ਧੁੰਮ ਮਚਾਈ