ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜੇ : ‘ਆਪ’ 218, ਕਾਂਗਰਸ 62, ਸ਼੍ਰੋਮਣੀ ਅਕਾਲੀ ਦਲ 46 ਤੇ ਭਾਜਪਾ 7 ਜ਼ੋਨਾਂ ’ਚ ਜੇਤੂ

ਪੰਜਾਬ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਤਿਮ ਨਤੀਜੇ ਐਲਾਨ ਦਿੱਤੇ ਹਨ।

ਚੰਡੀਗੜ੍ਹ – ਪੰਜਾਬ ’ਚ ਜ਼ਿਲ੍ਹਾ ਪਰਿਸ਼ਦ ਚੋਣਾਂ ’ਚ 63 ਫ਼ੀਸਦੀ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਦੋਂ ਕਿ 18 ਫ਼ੀਸਦੀ ਸੀਟਾਂ ਕਾਂਗਰਸ ਦੀ ਝੋਲੀ ਪਈਆਂ ਹਨ। ਜ਼ਿਲ੍ਹਾ ਪਰਿਸ਼ਦ ਦੇ ਕੁੱਲ 346 ਜ਼ੋਨਾਂ ’ਤੇ 14 ਦਸੰਬਰ ਨੂੰ ਵੋਟਾਂ ਪਈਆਂ ਸਨ ਜਦੋਂ ਕਿ ਖਡੂਰ ਸਾਹਿਬ ਜ਼ੋਨ ’ਚ ਕੋਈ ਯੋਗ ਨਾਮਜ਼ਦਗੀ ਨਾ ਹੋਣ ਕੇ ਚੋਣ ਨਹੀਂ ਹੋਈ ਸੀ। ਮੁਹਾਲੀ ਦੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਮੁਲਤਵੀ ਕੀਤੀ ਗਈ ਹੈ।

ਪੰਜਾਬ ਚੋਣ ਕਮਿਸ਼ਨ ਵੱਲੋਂ ਐਲਾਨੇ ਜ਼ਿਲ੍ਹਾ ਪਰਿਸ਼ਦ ਦੇ ਅੰਤਿਮ ਨਤੀਜਿਆਂ ਦੇੇ ਅਨੁਸਾਰ ਕੁੱਲ 346 ਜ਼ੋਨਾਂ ਚੋਂ ‘ਆਪ’ ਨੇ 218 ਜ਼ੋਨਾਂ ’ਤੇ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਦੇ ਹਿੱਸੇ 62 ਜ਼ੋਨ ਆਏ ਹਨ, ਸ਼੍ਰੋਮਣੀ ਅਕਾਲੀ ਦਲ ਨੂੰ 46 ਜ਼ੋਨਾਂ (13.29 ਫ਼ੀਸਦੀ), ਭਾਜਪਾ ਨੂੰ ਸੱਤ ਜ਼ੋਨਾਂ (2.02 ਫ਼ੀਸਦੀ), ਬਸਪਾ ਨੂੰ ਤਿੰਨ ਜ਼ੋਨਾਂ (0.86 ਫ਼ੀਸਦੀ) ਅਤੇ ਆਜ਼ਾਦ ਉਮੀਦਵਾਰ 10 ਜ਼ੋਨਾਂ (2.89 ਫ਼ੀਸਦੀ) ’ਚ ਕਾਮਯਾਬ ਹੋਏ ਹਨ। ਚੋਣ ਕਮਿਸ਼ਨ ਵੱਲੋਂ ਪੰਚਾਇਤ ਸਮਿਤੀਆਂ ਦੇ ਅੰਤਿਮ ਨਤੀਜੇ ਹਾਲੇ ਐਲਾਨੇ ਜਾਣੇ ਬਾਕੀ ਹਨ। ਇਨ੍ਹਾਂ ਨਤੀਜਿਆਂ ਮੁਤਾਬਿਕ ਆਮ ਆਦਮੀ ਪਾਰਟੀ ਨੂੰ 22 ਜ਼ਿਲ੍ਹਿਆਂ ਵਿਚੋਂ 12 ਜ਼ਿਲ੍ਹਿਆਂ ’ਚ ਸਪੱਸ਼ਟ ਬਹੁਮਤ ਹਾਸਲ ਹੋ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਸਪੱਸ਼ਟ ਬਹੁਮਤ ਹਾਸਲ ਕਰਨ ’ਚ ਸਫਲ ਰਿਹਾ ਹੈ ਜਦੋਂ ਕਿ ਕਾਂਗਰਸ ਪਾਰਟੀ ਨੂੰ ਸਿਰਫ਼ ਨਵਾਂ ਸ਼ਹਿਰ ਦੀ ਜ਼ਿਲ੍ਹਾ ਪਰਿਸ਼ਦ ’ਚ ਸਪੱਸ਼ਟ ਬਹੁਮਤ ਮਿਲਿਆ ਹੈ। ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ, ਲੁਧਿਆਣਾ, ਕਪੂਰਥਲਾ ਅਤੇ ਪਠਾਨਕੋਟ ’ਚ ਵੱਡੀ ਪਾਰਟੀ ਵਜੋਂ ਉੱਭਰੀ ਹੈ ਪ੍ਰੰਤੂ ਇਨ੍ਹਾਂ ਚਾਰ ਜ਼ਿਲ੍ਹਿਆਂ ’ਚ ਚੇਅਰਮੈਨ ਬਣਾਉਣ ਲਈ ਦੂਸਰੀਆਂ ਧਿਰਾਂ ਜਾਂ ਆਜ਼ਾਦ ਉਮੀਦਵਾਰ ਦੀ ਮਦਦ ਲਈ ਜੋੜ ਤੋੜ ਕਰਨੇ ਪੈਣਗੇ। ਜ਼ਿਲ੍ਹਾ ਫ਼ਿਰੋਜ਼ਪੁਰ, ਕਪੂਰਥਲਾ ਅਤੇ ਲੁਧਿਆਣਾ ’ਚ ਆਜ਼ਾਦ ਉਮੀਦਵਾਰਾਂ ਦੇ ਹੱਥ ਚਾਬੀ ਰਹੇਗੀ ਕਿਉਂਕਿ ਉਨ੍ਹਾਂ ਦੀ ਮਦਦ ਤੋਂ ਬਿਨਾਂ ਕੋਈ ਵੀ ਸਿਆਸੀ ਧਿਰ ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨੀ ’ਤੇ ਕਾਬਜ਼ ਨਹੀਂ ਹੋ ਸਕੇਗੀ।

Related posts

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ

ਸੰਘਰਸ਼ ਕਮੇਟੀ ਤਲਵੰਡੀ ਸਾਬੋ ਮੋਰਚਾ ਵੱਲੋਂ ਬੀ.ਡੀ.ਪੀ.ਓ.ਝੁਨੀਰ ਨੂੰ ਮੰਗ ਪੱਤਰ