ਪੰਜਾਬ ਦੀ ਆਬਕਾਰੀ ਟੀਮ ਵੱਲੋਂ ਬੇਟ ਏਰੀਏ ‘ਚ ਛਾਪੇਮਾਰੀ, 2.80 ਲੱਖ ਕਿਲੋਗ੍ਰਾਮ ਲਾਹਣ ਅਤੇ 100 ਲੀਟਰ ਨਾਜਾਇਜ਼ ਸ਼ਰਾਬ ਕੀਤੀ ਨਸਟ

ਚੰਡੀਗੜ – ਲਾਹਣ ਤੋਂ ਬਣਾਈ ਜਾਣ ਵਾਲੀ ਨਾਜਾਇਜ ਸਰਾਬ ਨੂੰ ਰੋਕਣ ਲਈ ਆਬਕਾਰੀ ਟੀਮਾਂ ਵੱਲੋਂ ਮੰਗਲਵਾਰ  ਤੜਕ ਸਾਰ ਲੁਧਿਆਣਾ ਜ਼ਿਲੇ ਦੇ ਬੇਟ ਇਲਾਕੇ ਵਿੱਚ ਛਾਪੇਮਾਰੀ ਕਰਕੇ 2.80 ਲੱਖ ਕਿਲੋਗ੍ਰਾਮ ਲਾਹਣ ਅਤੇ 100 ਲੀਟਰ ਨਾਜਾਇਜ ਸਰਾਬ ਬਰਾਮਦ ਕੀਤੀ ਗਈ ਅਤੇ ਇਸ ਨੂੰ ਮੌਕੇ ‘ਤੇ ਨਸਟ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਰਦੇਸਾਂ ‘ਤੇ ਅਮਲ ਕਰਦਿਆਂ ਪੰਜਾਬ ਦੇ ਆਬਕਾਰੀ ਕਮਿਸਨਰ ਵਰੁਣ ਰੂਜਮ ਨੇ ਮੰਗਲਵਾਰ ਸਵੇਰੇ 5:30 ਵਜੇ ਬੇਟ ਖੇਤਰ ਵਿੱਚ ਵਿਆਪਕ ਛਾਪੇਮਾਰੀ ਕਰਨ ਲਈ ਚਾਰ ਟੀਮਾਂ ਗਠਿਤ ਕੀਤੀਆਂ ਸਨ। ਉਨਾਂ ਦੱਸਿਆ ਕਿ ਲੁਧਿਆਣਾ ਰੇਂਜ ਦੇ ਸਹਾਇਕ ਕਮਿਸਨਰ (ਆਬਕਾਰੀ) ਡਾ. ਸ਼ਿਵਾਨੀ ਗੁਪਤਾ ਵੱਲੋਂ ਡਿਪਟੀ ਕਮਿਸਨਰ (ਆਬਕਾਰੀ) ਪਟਿਆਲਾ ਜੋਨ ਸਾਲਿਨ ਵਾਲੀਆ ਦੀ ਅਗਵਾਈ ਹੇਠ ਲਾਹਨ ਤੋਂ ਨਾਜਾਇਜ ਸਰਾਬ ਬਣਾਉਣ ਸਬੰਧੀ ਛਾਪੇਮਾਰੀ ਲਈ ਇਹਨਾਂ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ ਦੇ ਇਲਾਕਿਆਂ/ਪਿੰਡਾਂ ਜਿਵੇਂ ਤਲਵਾਨੀ ਨਾਬਾਦ, ਬੜੂੰਦੀ ਨੇੜੇ ਗੋਰਸੀਆ, ਭੋਲੇਵਾਲ ਜੱਦੀਦ, ਰਾਜਾਪੁਰ, ਖੇੜਾ ਬੇਟ, ਮਜਾਰਾ ਕਲਾਂ, ਹਾਕਮ ਰਾਏ ਬੇਟ, ਸੇਰੇਵਾਲ, ਬਾਗੀਆਂ ਅਤੇ ਪਿੰਡ ਬਹਾਦਰ ਕੇ ਵਿੱਚ ਛਾਪੇਮਾਰੀ ਕੀਤੀ ਗਈ। ਉਹਨਾਂ ਦੱਸਿਆ ਕਿ ਕਰੀਬ 40 ਕਿਲੋਮੀਟਰ ਦੇ ਖੇਤਰ ਵਿੱਚ ਨਾਜਾਇਜ਼ ਸ਼ਰਾਬ ਬਣਾਉਣ ਦੀ ਪ੍ਰਕਿਰਿਆ ਨੂੰ ਰੋਕਣ ਲਈ ਇਹ ਮੁਹਿੰਮ ਚਲਾਈ ਗਈ ਸੀ।
ਲੁਧਿਆਣਾ ਦੇ ਆਬਕਾਰੀ ਅਫਸਰਾਂ ਦੀ ਅਗਵਾਈ ਵਿੱਚ ਐਕਸਾਈਜ ਇੰਸਪੈਕਟਰਾਂ ਅਤੇ ਆਬਕਾਰੀ ਪੁਲਿਸ ਸਟਾਫ ਦੀਆਂ ਸਰਚ ਟੀਮਾਂ ਦੇ ਕਰੀਬ 60 ਮੈਂਬਰਾਂ ਨੇ ਵਿਆਪਕ ਛਾਪੇਮਾਰੀ ਕੀਤੀ। ਇਸ ਮੁਹਿੰਮ ਦੌਰਾਨ ਇੱਕ ਹੈਰਾਨ ਕਰਨ ਵਾਲਾ ਤੱਥ ਇਹ ਵੀ ਸਾਹਮਣੇ ਆਇਆ ਕਿ ਇਸ ਲਾਹਣ ਤੋਂ ਨਾਜਾਇਜ ਸਰਾਬ ਬਣਾਉਣ ਲਈ ਲੁਧਿਆਣਾ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਸੀਵਰੇਜ  ਦਾ ਪਾਣੀ ਵਰਤਿਆ ਜਾਂਦਾ ਸੀ। ਟੀਮ ਨੂੰ ਦੇਖ ਕੇ ਸ਼ਰਾਬ ਬਣਾਉਣ ਵਾਲੇ ਵਿਅਕਤੀ 30 ਚਾਲੂ ਭੱਠੀਆਂ, 6 ਕੁਇੰਟਲ ਲੱਕੜ, 15 ਲੋਹੇ ਦੇ ਡਰੰਮ, ਦੋ ਐਲੂਮੀਨੀਅਮ ਦੇ ਬਰਤਨ, 9 ਪਲਾਸਟਿਕ ਪਾਈਪਾਂ ਅਤੇ ਗੁੜ ਦੀਆਂ 12 ਬੋਰੀਆਂ ਛੱਡ ਕੇ ਭੱਜ ਗਏ। ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲਾ ਜਲੰਧਰ ਤੋਂ ਆਬਕਾਰੀ ਸਟਾਫ ਨੂੰ ਵੀ ਦਰਿਆ ਦੇ ਦੂਜੇ ਸਿਰੇ ‘ਤੇ ਬੁਲਾਇਆ ਗਿਆ ਸੀ ਤਾਂ ਜੋ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕੇ।
  ਉਹਨਾਂ ਅੱਗੇ ਦੱਸਿਆ ਕਿ ਇਹ ਮੁਹਿੰਮ ਮੰਡ ਖੇਤਰਾਂ ਅਤੇ ਪੰਜਾਬ ਦੇ ਦਰਿਆਵਾਂ ਦੇ ਕੰਢੇ ਨਾਲ ਲੱਗਦੇ ਖੇਤਰਾਂ ਵਿੱਚ ਲਾਹਣ ਤੋਂ ਨਾਜ਼ਾਇਜ ਸਰਾਬ ਬਣਾਉਣ ਵਾਲੇ ਲੋਕਾਂ ਨੂੰ ਕਾਬੂ ਕਰਨ ਵਿੱਚ ਸਹਾਈ ਹੋਵੇਗੀ ਜ਼ਿਕਰਯੋਗ ਹੈ ਕਿ ਸ਼ਰਾਬ ਬਣਾਉਣ ਲਈ ਵਰਤਿਆ ਜਾ ਰਿਹਾ ਪਾਣੀ  ਉਦਯੋਗਿਕ ਇਕਾਈਆਂ ਦੇ ਰਸਾਇਣਕ ਰਹਿੰਦ-ਖੂੰਹਦ ਅਤੇ ਜਹਿਰੀਲੇ ਪਦਾਰਥਾਂ ਨਾਲ ਭਰਿਆ ਹੁੰਦਾ ਹੈ। ਇਸ ਲਈ ਕੋਈ ਵੀ ਇਸ ਨਾਜ਼ਾਇਜ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਹੋਣ ਵਾਲੇ ਖਤਰੇ ਦੀ ਕਲਪਨਾ ਕਰ ਸਕਦਾ ਹੈ। ਦਰਿਆ ਦੇ ਕਿਨਾਰਿਆਂ/ਸਰਹੱਦੀ ਖੇਤਰਾਂ ਵਿੱਚ ਲਾਹਣ ਤੋਂ ਬਣਾਈ ਜਾਣ ਵਾਲੀ ਨਾਜ਼ਾਇਜ ਸਰਾਬ ਇੱਕ ਵੱਡੀ ਚੁਣੌਤੀ ਬਣ ਗਈ ਹੈ, ਜਿਸ ਨਾਲ ਸੂਬੇ ਵਿੱਚ ਸਰਾਬ ਦੀ ਵਿਕਰੀ ‘ਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਸੂਬੇ ਦੇ ਖਜਾਨੇ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਨਾਲ ਦੁਰਘਟਨਾਂਵਾਂ ਹੋਣ ਦਾ ਖਤਰਾ ਵੀ ਹੁੰਦਾ ਹੈ। ਸੂਬੇ ਵਿੱਚ ਹਰ ਤਰਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਖਤਮ ਕਰਨ ਦੇ ਦਿ੍ਰੜ ਸੰਕਲਪ ਅਤੇ ਸੂਬੇ ਦੇ ਮਾਲੀਏ ਨੂੰ ਹੁਲਾਰਾ ਦੇਣ ਲਈ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਇਸ ਕੁਤਾਹੀ ਵਿਰੁੱਧ ਵਿਆਪਕ ਮੁਹਿੰਮ ਚਲਾਈ ਗਈ ਹੈ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ