ਚੰਡੀਗੜ – ਪੰਜਾਬ ਦੇ 10 ਜ਼ਿਲਿਆਂ ਨੇ ‘ਜਲ ਜੀਵਨ ਮਿਸ਼ਨ-ਹਰ ਘਰ ਜਲ’ ਦੇ ਤਹਿਤ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਵਿਚ ਦੇਸ਼ ਦੇ ਮੋਹਰੀ ਸੂਬਿਆਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਸਾਰੇ ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ਵਧਾਈ ਪੇਸ਼ ਕੀਤੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਾਰੇ ਪੰਜਾਬ ਵਾਸੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੁਚੱਜੇ ਅਤੇ ਸਾਰਥਕ ਯਤਨ ਕਰ ਰਹੀ ਹੈ।
ਸਥਾਨਕ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਵਿਖੇ 55ਵੇਂ ਇੰਜੀਨੀਅਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਜਿੰਪਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਵਿਚ ਉੱਥੋਂ ਦੇ ਇੰਜੀਨੀਅਰਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਅਤੇ ਕੌਮੀ ਪੱਧਰ ‘ਤੇ ਪੰਜਾਬ ਦਾ ਨਾਂ ਚਮਕਾਉਣ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪਾਏ ਯੋਗਦਾਨ ਲਈ ਉਹ ਵਧਾਈ ਪੇਸ਼ ਕਰਦੇ ਹਨ। ਪਾਈਪਾਂ ਰਾਹੀਂ 100 ਫੀਸਦੀ ਪੇਂਡੂ ਵਸੋਂ ਨੂੰ ਘਰਾਂ ਵਿਚ ਸਾਫ ਪਾਣੀ ਪਹੁੰਚਾਉਣ ਵਾਲੇ 10 ਜ਼ਿਲੇ ਬਰਨਾਲਾ, ਫਰੀਦਕੋਟ, ਫਤਹਿਗੜ ਸਾਹਿਬ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਮਲੇਰਕੋਟਲਾ, ਮੁਕਤਸਰ, ਪਠਾਨਕੋਟ ਅਤੇ ਐਸਏਐਸ ਨਗਰ ਹਨ। ਇਨਾਂ ਜ਼ਿਲਿਆਂ ਦੇ ਕੁੱਲ 11 ਲੱਖ 55 ਹਜ਼ਾਰ 725 ਘਰਾਂ ਨੂੰ ਪਾਈਪਾਂ ਰਾਹੀਂ ਟੂਟੀ ਜ਼ਰੀਏ ਸਾਫ ਅਤੇ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਗਿਆ ਹੈ।