ਪੰਜਾਬ ਨੂੰ ਮਿਲੇਗਾ ਨਵਾਂ DGP, ਭਾਵੜਾ ਨੇ ਮੰਗੀ ਦੋ ਮਹੀਨੇ ਦੀ ਛੁੱਟੀ

ਚੰਡੀਗੜ੍ਹ  – ਪੰਜਾਬ ਪੁਲਿਸ ਦੇ ਮੁਖੀ ਵੀਕੇ ਭਾਵੜਾ ਨੇ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੀ ਇੱਛਾ ਤੋਂ ਬਾਅਦ ਹੁਣ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਕੇ 5 ਜੁਲਾਈ ਤੋਂ ਦੋ ਮਹੀਨਿਆਂ ਲਈ ਛੁੱਟੀ ਮੰਗੀ ਹੈ। ਜੇਕਰ ਗ੍ਰਹਿ ਵਿਭਾਗ ਉਨ੍ਹਾਂ ਦੀ ਛੁੱਟੀ ਮਨਜ਼ੂਰ ਕਰ ਲੈਂਦਾ ਹੈ ਤਾਂ ਸੂਬੇ ਨੂੰ ਨਵਾਂ ਕਾਰਜਕਾਰੀ ਡੀਜੀਪੀ ਮਿਲ ਜਾਵੇਗਾ ਪਰ ਜੇਕਰ ਉਹ ਕੇਂਦਰੀ ਡੈਪੂਟੇਸ਼ਨ ’ਤੇ ਚਲੇ ਜਾਂਦੇ ਹਨ ਤਾਂ ਸੂਬੇ ਨੂੰ ਸਥਾਈ ਪੁਲਿਸ ਮੁਖੀ ਮਿਲੇਗਾ। ਫ਼ਿਲਹਾਲ ਡੀਜੀਪੀ ਦੇ ਅਹੁਦੇ ਲਈ ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਅਗਲੀ ਕਤਾਰ ਵਿਚ ਹਨ।

ਨਿਯਮਾਂ ਮੁਤਾਬਕ ਪੰਜਾਬ ਸਰਕਾਰ ਵੀਕੇ ਭਾਵੜਾ ਨੂੰ ਦੋ ਸਾਲ ਤੋ ਪਹਿਲਾਂ ਅਹੁਦੇ ਤੋਂ ਹਟਾ ਨਹੀਂ ਸਕਦੀ ਪਰ ਜੇਕਰ ਉਹ ਕੇਂਦਰੀ ਡੈਪੂਟੇਸ਼ਨ ’ਤੇ ਚਲੇ ਜਾਂਦੇ ਹਨ ਤਾਂ ਸਰਕਾਰ ਲਈ ਨਵਾਂ ਡੀਜੀਪੀ ਲਗਾਉਣਾ ਸੌਖਾ ਹੋ ਜਾਵੇਗਾ। ਉਨ੍ਹਾਂ ਗ੍ਰਹਿ ਵਿਭਾਗ ਨੂੰ ਲਿਖੇ ਪੱਤਰ ਵਿਚ ਛੁੱਟੀ ਲੈਣ ਦਾ ਕਾਰਨ ਨਿੱਜੀ ਦੱਸਿਆ ਹੈ ਪਰ ਚਰਚਾ ਹੈ ਕਿ ‘ਆਪ’ ਸਰਕਾਰ ਭਾਵੜਾ ਨੂੰ ਹਟਾਉਣਾ ਚਾਹੁੰਦੀ ਹੈ। ਸੂਬੇ ਵਿਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਖ਼ਾਸ ਕਰ ਕੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਰਕਾਰ ਡੀਜੀਪੀ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਮੂਸੇਵਾਲਾ ਦੇ ਕਤਲ ਦਾ ਅਸਰ ਸੰਗਰੂਰ ਚੋਣ ਨਤੀਜੇ ’ਤੇ ਵੀ ਦੇਖਣ ਨੂੰ ਮਿਲਿਆ ਹੈ ਅਤੇ ਤਿੰਨ ਮਹੀਨਿਆਂ ਬਾਅਦ ਹੀ ਸਰਕਾਰ ਨਾ ਸਿਰਫ਼ ਜ਼ਿਮਨੀ ਚੋਣ ਹਾਰ ਗਈ ਬਲਕਿ ਪਾਰਟੀ ਦੀ ਵੋਟ ਪ੍ਰਤੀਸ਼ਤਤਾ ਵੀ ਘੱਟ ਗਈ।

ਜ਼ਿਕਰਯੋਗ ਹੈ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਦਿਨਕਰ ਗੁਪਤਾ ਡੀਜੀਪੀ ਸਨ, ਜਿਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਨੂੰ ਛੁੱਟੀ ’ਤੇ ਭੇਜਣ ਤੋਂ ਬਾਅਦ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀਜੀਪੀ ਲਗਾ ਦਿੱਤਾ ਸੀ। ਉਸ ਵਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਹੋਤਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤਾਂ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀਜੀਪੀ ਦੀ ਕਮਾਨ ਸੌਂਪੀ ਗਈ। ਚੰਨੀ ਸਰਕਾਰ ਨੇ ਪੈਨਲ ਯੂਪੀਐੱਸਸੀ ਨੂੰ ਭੇਜਿਆ ਤੇ ਚੋਣਾਂ ਤੋਂ ਪਹਿਲਾਂ ਵੀਕੇ ਭਾਵੜਾ ਨੂੰ ਡੀਜੀਪੀ ਨਿਯੁਕਤ ਕਰ ਦਿੱਤਾ ਗਿਆ। ਹੁਣ ਜਦੋਂ ਇਕ ਵਾਰ ਫਿਰ ਡੀਜੀਪੀ ਬਦਲਣ ਦੀ ਕਵਾਇਦ ਚੱਲ ਰਹੀ ਹੈ ਤਾਂ ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਪਿਛਲੇ ਦਿਨੀਂ ਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਸੀ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ