ਚੰਡੀਗੜ੍ਹ – ਪੰਜਾਬ ਵਿੱਚ 26 ਮਈ ਨੂੰ ਹੋਣ ਵਾਲੀਆਂ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪਰਿਸ਼ਦ ਦੀਆਂ ਚੋਣਾਂ ਲਈ ਕੁੱਲ 10809 ਉਮੀਦਵਾਰਾਂ ਨੇ ਨਾਮਜਦਗੀਆਂ ਦਾਖਲ ਕੀਤੀਆਂ ਸਨ। ਚੋਣ ਕਮਿਸ਼ਨ ਵੱਲੋਂ ਨਾਮਜਦਗੀ ਪੱਤਰਾਂ ਦੀ ਪੜਤਾਲ ਦੌਰਾਨ 713 ਨਾਮਜਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਚੋਣ ਮੈਦਾਨ ਵਿੱਚ 10,096 ਉਮੀਦਵਾਰ ਰਹਿ ਗਏ ਹਨ ਜਦੋਂ ਕਿ ਅੱਜ ਨਾਮਜਦਗੀ ਪੱਤਰਾਂ ਦੀ ਵਾਪਸੀ ਤੋਂ ਬਾਅਦ ਚੋਣ ਮੈਦਾਨ ਵਿੱਚ ਰਹਿਣ ਵਾਲੇ ਉਮੀਦਵਾਰਾਂ ਦੀ ਆਖਰੀ ਸੂਚੀ ਸ਼ਾਮ ਤੱਕ ਜਾਰੀ ਕੀਤੀ ਜਾਵੇਗੀ। ਪੰਜਾਬ ਵਿੱਚ ਮਿਉਂਸਿਪਲ ਚੋਣਾਂ ਲਈ 26 ਮਈ ਨੂੰ ਵੋਟਿੰਗ ਹੋਵੇਗੀ ਅਤੇ 29 ਮਈ ਨੂੰ ਨਤੀਜੇ ਆਉਣਗੇ।
ਇਸੇ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਨੇ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਹੁਕਮ ਨਾਮਜ਼ਦਗੀਆਂ ਰੱਦ ਬਾਰੇ ਦੇ ਮਾਮਲੇ ਵਿੱਚ ਸਖਤ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਨਿਗਮ ਤੇ ਕੌਂਸਲ ਦੇ ਜਿਹੜੇ ਵੀ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਦਾ 48 ਘੰਟਿਆਂ ‘ਚ ਕਾਰਨ ਦੱਸਦੇ ਹੋਏ ਸਪੀਕਿੰਗ ਆਰਡਰ ਪਾਸ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਵੀਕਾਰ ਕੀਤੇ ਗਏ ਹਨ, ਉਨ੍ਹਾਂ ਦੀ ਅੰਤਿਮ ਸੂਚੀ ਅੱਜ ਦੇਰ ਰਾਤ ਤੱਕ ਪੂਰੀ ਜਾਣਕਾਰੀ ਸਮੇਤ ਅਪਲੋਡ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਹਾਈ ਕੋਰਟ ਨੇ ਇਨ੍ਹਾਂ ਚੋਣਾਂ ਸੰਬੰਧੀ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਇਹ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ਮੰਗਾਂ ਸੰਬੰਧੀ ਦਾਇਰ ਪਟੀਸ਼ਨ ਵਿੱਚ, ਐਡਵੋਕੇਟ ਪਰਮਵੀਰ ਸਿੰਘ ਸੰਨੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਮਿਸ਼ਨ ਉਨ੍ਹਾਂ ਆਧਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ ਜਿਨ੍ਹਾਂ ਦੇ ਆਧਾਰ ‘ਤੇ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਬਿਨਾਂ ਕੋਈ ਕਾਰਨ ਦੱਸੇ ਨਾਮਜ਼ਦਗੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਵੀਕਾਰ ਕੀਤੇ ਗਏ ਹਨ, ਉਨ੍ਹਾਂ ਲਈ ਵੀ ਅੰਤਿਮ ਸੂਚੀ ਬਾਰੇ ਕੋਈ ਜਾਣਕਾਰੀ ਅਪਲੋਡ ਨਹੀਂ ਕੀਤੀ ਜਾ ਰਹੀ ਹੈ। ਨਾ ਹੀ ਨਾਮਜ਼ਦਗੀਆਂ ਰਾਹੀਂ ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਦਿੱਤੀ ਗਈ ਜਾਣਕਾਰੀ ਜਨਤਕ ਕੀਤੀ ਜਾ ਰਹੀ ਹੈ। ਇਹ ਪਟੀਸ਼ਨ ਇਨ੍ਹਾਂ ਮੰਗਾਂ ਸੰਬੰਧੀ ਦਾਇਰ ਕੀਤੀ ਗਈ ਸੀ ਅਤੇ ਹਾਈ ਕੋਰਟ ਨੇ ਹੁਣ ਇਹ ਹੁਕਮ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਹੈ।