ਪੰਜਾਬ ਸਰਕਾਰ ਨੇ ਜੇਲਾਂ ਵਿੱਚੋਂ ਗਤੀਵਿਧੀਆਂ ਚਲਾਉਂਦੇ ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ ਕਾਰਵਾਈ ਵਿੱਢੀ, 50 ਦਿਨਾਂ ਵਿੱਚ 710 ਮੋਬਾਈਲ ਫੋਨ ਕੀਤੇ ਜ਼ਬਤ

ਚੰਡੀਗੜ – ਜੇਲਾਂ ਵਿੱਚੋਂ ਗਤੀਵਿਧੀਆਂ ਚਲਾਉਂਦੇ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਗਠਜੋੜ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਜੇਲਾਂ ਵਿੱਚੋਂ 710 ਮੋਬਾਈਲ ਫੋਨ ਬਰਾਮਦ ਕੀਤੇ ਹਨ।

ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 16 ਮਾਰਚ ਤੋਂ 10 ਮਈ ਤੱਕ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਕੈਦੀਆਂ ਤੋਂ 710 ਦੇ ਕਰੀਬ ਮੋਬਾਈਲ ਫੋਨ ਬਰਾਮਦ ਕੀਤੇ ਗਏ। ਉਨਾਂ ਦੱਸਿਆ ਕਿ 16 ਮਾਰਚ ਤੋਂ 31 ਮਾਰਚ ਤੱਕ 166 ਮੋਬਾਈਲ ਫੋਨ ਬਰਾਮਦ ਕੀਤੇ ਗਏ, ਜਦੋਂ ਇਕ ਤੋਂ 30 ਅਪ੍ਰੈਲ ਤੱਕ 354 ਮੋਬਾਈਲ ਬਰਾਮਦ ਹੋਏ। ਇਸ ਤੋਂ ਇਲਾਵਾ ਇਕ ਤੋਂ 10 ਮਈ ਤੱਕ ਕੀਤੀ ਕਾਰਵਾਈ ਦੌਰਾਨ 190 ਮੋਬਾਈਲ ਫੋਨ ਫੜੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਨਾਂ ਮੋਬਾਈਲ ਫੋਨਾਂ ਦੀ ਵਰਤੋਂ ਗੈਂਗਸਟਰ/ਸਮਗਲਰ ਜੇਲਾਂ ਤੋਂ ਆਪਣੀਆਂ ਕਾਰਵਾਈਆਂ ਚਲਾਉਣ ਲਈ ਕਰਦੇ ਸਨ।

ਮੁੱਖ ਮੰਤਰੀ ਨੇ ਦੱਸਿਆ ਕਿ ਜਿਨਾਂ ਵਿਅਕਤੀਆਂ ਦੇ ਨਾਮ ਉਤੇ ਇਹ ਫੋਨ ਨੰਬਰ ਚੱਲ ਰਹੇ ਹਨ, ਉਨਾਂ ਨੂੰ ਫੜਨ ਲਈ ਜਾਂਚ ਚੱਲ ਰਹੀ ਹੈ। ਉਨਾਂ ਦੱਸਿਆ ਕਿ ਜਲਦੀ ਸਖਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਜਿਨਾਂ ਜੇਲਾਂ ਵਿੱਚੋਂ ਮੋਬਾਈਲ ਬਰਾਮਦ ਹੋਏ ਹਨ, ਉਨਾਂ ਦੇ ਅਧਿਕਾਰੀਆਂ ਤੇ ਸਟਾਫ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇਲਾਂ ਵਿੱਚੋਂ ਵੀ.ਆਈ.ਪੀ. ਸੱਭਿਆਚਾਰ ਨੂੰ ਜੜੋਂ ਮਿਟਾਉਣ ਲਈ ਪੰਜਾਬ ਸਰਕਾਰ ਨੇ ਸਾਰੇ ਵੀ.ਆਈ.ਪੀ. ਸੈੱਲਾਂ ਨੂੰ ਖਤਮ ਕਰਨ ਅਤੇ ਇਨਾਂ ਨੂੰ ਪ੍ਰਬੰਧਕੀ ਬਲਾਕਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਜਿਹੜੇ ਜੇਲਾਂ ਵਿੱਚ ਬੰਦੀ ਹਨ, ਉਨਾਂ ਨੂੰ ਅਦਾਲਤਾਂ ਨੇ ਕਾਨੂੰਨ ਤੋੜਨ ਬਦਲੇ ਸਜ਼ਾਵਾਂ ਦਿੱਤੀਆਂ ਹਨ ਅਤੇ ਉਹ ਜੇਲਾਂ ਵਿੱਚ ਬੈਠੇ ਹੋਏ ਸਹੂਲਤਾਂ ਦਾ ਆਨੰਦ ਨਹੀਂ ਮਾਣ ਸਕਦੇ। ਭਗਵੰਤ ਮਾਨ ਨੇ ਕਿਹਾ ਕਿ ਜੇਲਾਂ ਨੂੰ ਹੁਣ ਅਸਲ ਵਿੱਚ ਸੁਧਾਰ ਘਰ ਬਣਾਇਆ ਜਾਵੇਗਾ, ਜਿੱਥੇ ਅਪਰਾਧੀਆਂ ਨੂੰ ਆਪਣੇ ਕੀਤੇ ਗੁਨਾਹਾਂ ਦੀ ਅਸਲ ਮਾਇਨਿਆਂ ਵਿੱਚ ਸਜ਼ਾ ਭੁਗਤਣੀ ਪਵੇਗੀ।

Related posts

ਕੀ ਪੰਜਾਬ ਵਿੱਚ ਹੁਣ ‘ਆਮ ਸਰਕਾਰ’ ਦੀ ਥਾਂ ਕਿਸੇ ‘ਖਾਸ’ ਦੀ ਬਣ ਜਾਵੇਗੀ ?

ਸਕਿਉਰਿਟੀ ਬਹਾਲ ਕਰਾਉਣ ਲਈ ਹਰਭਜਨ ਸਿੰਘ ਹਾਈਕੋਰਟ ਦੀ ਸ਼ਰਣ ‘ਚ

ਆਈਐਸਆਈ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ – ਕੇਂਦਰੀ ਮੰਤਰੀ ਰਵਨੀਤ ਬਿੱਟੂ