ਕੋਲਕਾਤਾ – ਚੱਕਰਵਾਤੀ ਤੂਫ਼ਾਨ ’ਰੇਮਲ’ ਨੇ ਪੱਛਮੀ ਬੰਗਾਲ ਅਤੇ ਉਸ ਦੇ ਤੱਟੀ ਇਲਾਕਿਆਂ ਵਿਚ ਬੁਨਿਆਦੀ ਢਾਂਚੇ ਅਤੇ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਅਤੇ ਇਸ ਕਾਰਨ ਹੋਏ ਹਾਦਸਿਆਂ ’ਚ 6 ਲੋਕਾਂ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਬੀਤੀ ਰਾਤ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਇਸ ਮਾਮਲੇ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਸੂਬੇ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਮੱਧ ਕੋਲਕਾਤਾ ਦੇ ਐਂਟਲੇ ਦੇ ਬਿਬੀਰ ਬਾਗਾਨ ਇਲਾਕੇ ਵਿਚ ਐਤਵਾਰ ਸ਼ਾਮ ਨੂੰ ਤੇਜ਼ ਬਾਰਿਸ਼ ਕਾਰਨ ਇਕ ਕੰਧ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਸੁੰਦਰਬਨ ਡੈਲਟਾ ਦੇ ਨਾਲ ਲੱਗਦੇ ਨਾਮਖਾਨਾ ਨੇੜੇ ਮੌਸੁਨੀ ਟਾਪੂ ’ਤੇ ਇਕ ਝੌਂਪੜੀ ’ਤੇ ਇਕ ਦਰੱਖ਼ਤ ਡਿੱਗ ਗਿਆ, ਜਿਸ ਨਾਲ ਇਕ ਬਜ਼ੁਰਗ ਔਰਤ ਦੀ ਵੀ ਸੋਮਵਾਰ ਸਵੇਰੇ ਮੌਤ ਹੋ ਗਈ। ਇਸ ਚੱਕਰਵਾਤੀ ਤੂਫ਼ਾਨ ਨੇ ਬੰਗਾਲ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਦੇ ਵਿਚਕਾਰ ਤੱਟੀ ਖੇਤਰਾਂ ਵਿਚ ਭਾਰੀ ਤਬਾਹੀ ਮਚਾਈ ਹੈ। ਪੱਛਮੀ ਬੰਗਾਲ ਦੇ ਤੱਟੀ ਖੇਤਰਾਂ ਵਿਚ ’ਰੇਮਲ’ ਕਾਰਨ ਹੋਏ ਨੁਕਸਾਨ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਕੋਲਕਾਤਾ ਅਤੇ ਸੂਬੇ ਦੇ ਹੋਰ ਤੱਟਵਰਤੀ ਜ਼ਿਲ੍ਹਿਆਂ ਵਿਚ ਝੌਂਪੜੀਆਂ ਦੀਆਂ ਛੱਤਾਂ ਹਵਾ ਵਿਚ ਉੱਡ ਗਈਆਂ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਕਾਰਨ ਕੋਲਕਾਤਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ।
ਕੋਲਕਾਤਾ ਦੇ ਕਈ ਇਲਾਕਿਆਂ ’ਚ ਹਫ਼ਤੇ ਦੇ ਪਹਿਲੇ ਕੰਮਕਾਜੀ ਦਿਨ ਦੀ ਸਵੇਰ ਨੂੰ ਪਾਣੀ ਭਰ ਗਿਆ। ਇਸ ਦੇ ਨਾਲ ਹੀ ਸਿਆਲਦਾਹ ਟਰਮੀਨਲ ਸਟੇਸ਼ਨ ਤੋਂ ਉਪਨਗਰੀ ਰੇਲ ਸੇਵਾਵਾਂ ਘੱਟੋ-ਘੱਟ 3 ਘੰਟੇ ਤੱਕ ਅੰਸ਼ਿਕ ਤੌਰ ’ਤੇ ਮੁਅੱਤਲ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੱਕਰਵਾਤੀ ਤੂਫ਼ਾਨ ’ਰੇਮਲ’ ਦੇ ਮੱਦੇਨਜ਼ਰ 21 ਘੰਟਿਆਂ ਲਈ ਮੁਅੱਤਲ ਰਹਿਣ ਤੋਂ ਬਾਅਦ ਸੋਮਵਾਰ ਸਵੇਰੇ ਕੋਲਕਾਤਾ ਹਵਾਈ ਅੱਡੇ ’ਤੇ ਉਡਾਣ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਹਵਾਈ ਅੱਡੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸਥਿਤੀ ਆਮ ਵਾਂਗ ਹੋਣ ਵਿਚ ਅਜੇ ਕੁਝ ਸਮਾਂ ਹੋਰ ਲੱਗੇਗਾ। ਇਸ ਚੱਕਰਵਾਤੀ ਤੂਫ਼ਾਨ ਨੇ ਬੰਗਾਲ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਦੇ ਵਿਚਕਾਰ ਤੱਟਵਰਤੀ ਖੇਤਰਾਂ ਵਿਚ ਭਾਰੀ ਤਬਾਹੀ ਮਚਾਈ ਹੈ।
’ਰੇਮਲ’ ਦੇ ਦਸਤਕ ਦੇਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਐਤਵਾਰ ਰਾਤ ਸਾਢੇ ਅੱਠ ਵਜੇ ਸ਼ੁਰੂ ਹੋਈ ਸੀ। ਮੌਸਮ ਵਿਭਾਗ ਮੁਤਾਬਕ, ਰੇਮਲ ਸਵੇਰੇ 5.30 ਵਜੇ ਕੈਨਿੰਗ ਤੋਂ ਲਗਭਗ 70 ਕਿਲੋਮੀਟਰ ਉੱਤਰ-ਪੂਰਬ ਅਤੇ ਮੋਂਗਲਾ ਤੋਂ 30 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿਚ ਕਮਜ਼ੋਰ ਹੋ ਕੇ ਚੱਕਰਵਾਤੀ ਤੂਫ਼ਾਨ ਵਿਚ ਤਬਦੀਲ ਹੋ ਗਿਆ। ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਦੇ ਹੋਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਆਮ ਸਥਿਤੀ ਬਹਾਲ ਕਰਨ ਦੇ ਯਤਨ ਜਾਰੀ ਹਨ। ਐਮਰਜੈਂਸੀ ਸੇਵਾਵਾਂ ਮਲਬੇ ਨੂੰ ਹਟਾਉਣ ਅਤੇ ਪ੍ਰਭਾਵਿਤ ਖੇਤਰਾਂ ਵਿਚ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਲਗਾਤਾਰ ਭਾਰੀ ਮੀਂਹ ਕਾਰਨ ਜ਼ਿਆਦਾਤਰ ਪ੍ਰਭਾਵਿਤ ਖੇਤਰਾਂ ਵਿਚ ਇਨ੍ਹਾਂ ਮੁਹਿੰਮਾਂ ਵਿਚ ਰੁਕਾਵਟ ਆ ਰਹੀ ਹੈ।
ਅਧਿਕਾਰੀਆਂ ਮੁਤਾਬਕ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਪ੍ਰਭਾਵਿਤ ਲੋਕਾਂ ਨੂੰ ਭੋਜਨ, ਪੀਣ ਵਾਲਾ ਪਾਣੀ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ, ਕਿਉਂਕਿ ਕਈ ਹਿੱਸਿਆਂ ਵਿਚ ਭਾਰੀ ਮੀਂਹ ਜਾਰੀ ਹੈ। ਇਕ ਮੌਸਮ ਵਿਗਿਆਨੀ ਨੇ ਦੱਸਿਆ ਕਿ ਕੋਲਕਾਤਾ ਵਿਚ ਐਤਵਾਰ ਸਵੇਰੇ 8:30 ਵਜੇ ਤੋਂ ਸੋਮਵਾਰ ਸਵੇਰੇ 5:30 ਵਜੇ ਦਰਮਿਆਨ 146 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ, ਕੋਲਕਾਤਾ ਵਿਚ ਹਵਾ ਦੀ ਵੱਧ ਤੋਂ ਵੱਧ ਰਫ਼ਤਾਰ 74 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜਦੋਂਕਿ ਸ਼ਹਿਰ ਦੇ ਉੱਤਰੀ ਬਾਹਰੀ ਇਲਾਕੇ ਦਮਦਮ ਵਿਚ ਹਵਾ ਦੀ ਵੱਧ ਤੋਂ ਵੱਧ ਰਫ਼ਤਾਰ 91 ਕਿਲੋਮੀਟਰ ਪ੍ਰਤੀ ਘੰਟਾ ਸੀ। ਸ਼ਹਿਰ ਦੇ ਸਦਰਨ ਐਵੇਨਿਊ, ਲੇਕ ਪਲੇਸ, ਚੇਤਲਾ, ਡੀਐੱਲ ਖਾਨ ਰੋਡ, ਡਫਰਿਨ ਰੋਡ, ਬਾਲੀਗੰਜ ਰੋਡ, ਨਿਊ ਅਲੀਪੁਰ, ਬੇਹਾਲਾ, ਯਾਦਵਪੁਰ, ਗੋਲਪਾਰਕ, ??ਹਤੀਬਾਗਨ, ਜਗਤ ਮੁਖਰਜੀ ਪਾਰਕ ਅਤੇ ਕਾਲਜ ਸਟਰੀਟ ਦੇ ਨਾਲ-ਨਾਲ ਸਾਲਟ ਲੇਕ ਦੇ ਨਾਲ ਲੱਗਦੇ ਇਲਾਕਿਆਂ ਵਿਚ ਦਰੱਖਤ ਉੱਖੜਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ। ’ਰੇਮਲ’ ਦੇ ਪ੍ਰਭਾਵ ਕਾਰਨ ਕੋਲਕਾਤਾ ’ਚ ਕਰੀਬ 68 ਦਰੱਖਤ ਡਿੱਗ ਗਏ ਅਤੇ ਨੇੜਲੇ ਸਾਲਟ ਲੇਕ ਅਤੇ ਰਾਜਾਹਾਟ ਖੇਤਰਾਂ ’ਚ 75 ਦਰੱਖਤ ਡਿੱਗ ਗਏ।
ਪੱਛਮੀ ਬੰਗਾਲ ਦੇ ਕਈ ਹਿੱਸਿਆਂ ’ਚ ਚੱਕਰਵਾਤੀ ਤੂਫ਼ਾਨ ‘ਰੇਮਲ’ ਨੇ ਮਚਾਈ ਤਬਾਹੀ, 6 ਲੋਕਾਂ ਦੀ ਮੌਤ
Kolkata, May 27 (ANI): The restoration work is underway as a tree got uprooted amid gusty winds followed by heavy rainfall triggered by Cyclone Remal, in Kolkata on Monday. (ANI Photo)