ਬਠਿੰਡਾ – ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਧੜੱਲੇਦਾਰ ਨੇਤਾ ਨਵਜੋਤ ਸਿੰਘ ਸਿੱਧੂ ਅੱਜ ਮਹਿਰਾਜ (ਰਾਮਪੁਰਾ ਫੂਲ) ਦੀ ਅਨਾਜ ਮੰਡੀ ਵਿਖੇ ਪਧਾਰੇ ਅਤੇ ਪਾਰਟੀ ਦੇ ਨੌਜਵਾਨ ਨੇਤਾ ਰਾਜਵੀਰ ਸਿੰਘ ਰਾਜਾ ਸਿੱਧੂ ਮਹਿਰਾਜ ਵਲੋਂ ਆਯੋਜਿਤ ਇੱਕ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਿਤ ਕੀਤਾ। ਉਹਨਾਂ ਜਿੱਥੇ ਕੁੱਝ੍ਹ ਕਾਂਗਰਸੀ ਮੁੱਖ ਮੰਤਰੀਆਂ ਦੀ ਕਾਰਜਸ਼ੈਲੀ ਦੀ ਆਲੋਚਨਾ ਕੀਤੀ, ਉੱਥੇ ਆਮ ਆਦਮੀ ਪਾਰਟੀ, ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਤੇ ਵੀ ਤਾਬੜਤੋੜ ਹਮਲੇ ਕੀਤੇ। ਉਹਨਾਂ ਕਿਹਾ ਕਿ ਬਦਲਾਓ ਦੇ ਨਾਂ ਤੇ ਆਈ ਨਵੀਂ ਸਰਕਾਰ ਵਿਚ ਕੁੱਝ੍ਹ ਨਹੀਂ ਬਦਲਿਆ, ਸਗੋਂ ਸਭ ਕੁੱਝ ਪਹਿਲਾਂ ਵਾਂਗ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਰੇਤੇ ਦੀ ਟਰਾਲੀ ਇਕੱਤੀ ਸੌ ਦੀ ਮਿਲਦੀ ਸੀ, ਜ਼ੋ ਹੁਣ 21 ਹਜ਼ਾਰ ਦੀ ਵਿਕ ਰਹੀ ਹੈ।ਇਹ ਵੀ ਕਿ ਰੇਤਾ ਖਣਨ ਸਿਖਰਾਂ ਤੇ ਹੈ,ਜਿਸ ਕਾਰਨ ਸਾਡੇ ਵਾਤਾਵਰਨ ਨੂੰ ਬਹੁਤ ਨੁਕਸਾਨ ਪੁੱਜਣ ਵਾਲਾ ਹੈ,ਇਸ ਕਰਕੇ ਉਹ ਇਸ ਘਾਲੇ ਮਾਲੇ ਦੀ ਸ਼ਿਕਾਇਤ ਨੈਸ਼ਨਲ ਕੌਮੀ ਗ੍ਰੀਨ ਟ੍ਰਿਬਿਊਨਲ ਕੋਲ ਲੈ ਕੇ ਜਾਣਗੇ। ਇਹ ਵੀ ਦੋਸ਼ ਲਾਏ ਕਿ ਸੂਬਾ ਡੰਗ ਟਪਾਊ ਨੀਤੀਆਂ ਨਾਲ ਚੱਲ ਰਿਹਾ ਹੈ,ਕੋਈ ਵਿਜ਼ਨ ਨਹੀਂ ਹੈ।ਸ਼ਰਾਬ ਮਾਫੀਆ ਜ਼ੋਰਾਂ ਤੇ ਹੈ,ਇਸੇ ਕਾਰਨ ਸ਼ਰਾਬ ਐੱਲ-1ਦੇ ਲਾਇਸੈਂਸ ਆਪਣੇ ਗਿਣਵੇਂ ਧਨਾਢ ਚਹੇਤਿਆਂ ਨੂੰ ਦੇ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਚੋਰਮੋਰੀਆਂ ਕਾਰਨ ਹੀ ਆਬਕਾਰੀ ਮਾਲੀਆ ਘੱਟ ਇਕੱਠਾ ਹੋ ਰਿਹਾ ਹੈ,ਜਦਕਿ ਤਾਮਿਲਨਾਡੂ ਵਰਗਾ ਰਾਜ ਸ਼ਰਾਬ ਦੀ ਘੱਟ ਖਪਤ ਹੋਣ ਦੇ ਬਾਵਜੂਦ ਵੱਧ ਮਾਲੀਆ ਇਕੱਠਾ ਕਰ ਰਿਹਾ ਹੈ। ਸਿੱਧੂ ਹੋਰਾਂ ਕਿਹਾ ਕਿ ਅਕਾਲੀਆਂ ਵੇਲੇ 15 ਹਜ਼ਾਰ ਕਰੋੜ, ਕਾਂਗਰਸ ਵੇਲੇ 20 ਹਜ਼ਾਰ ਤੇ ਹੁਣ ਨਵੀਂ ਸਰਕਾਰ ਨੇ 35 ਹਜ਼ਾਰ ਕਰੋੜ ਦਾ ਕਰਜ਼ਾ ਲੈਕੇ ਸੂਬੇ ਨੂੰ ਦੀਵਾਲੀਆ ਹੋਣ ਵੱਲ ਧੱਕ ਦਿੱਤਾ ਹੈ। ਉਹਨਾਂ ਤਨਜ਼ ਕਸਿਆ ਕਿ ਭਗਵੰਤ ਮਾਨ ਸੱਤਾ ਹਾਸਲ ਕਰਨ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਧਰਨੇ ਮੁਜ਼ਾਹਰਿਆਂ ਦੀ ਜ਼ਰੂਰਤ ਨਹੀਂ ਹੁੰਦੀ,ਜੇਕਰ ਸਰਕਾਰ ਲੋਕ ਪੱਖੀ ਹੋਵੇ,ਪਰ ਹੁਣ 15 ਹਜ਼ਾਰ ਕੰਟਰੈਕਟ ਟੀਚਰ, ਈਟੀਟੀ ਟੀਚਰ, ਪੀਆਰਟੀਸੀ ਮੁਲਾਜ਼ਮ ਧਰਨੇ ਪ੍ਰਦਰਸ਼ਨਾਂ ਦੇ ਰਾਹ ਪਏ ਹੋਏ ਹਨ,ਪਰ ਸਰਕਾਰ ਨੂੰ ਹਜ਼ਾਰਾਂ ਮੁਲਾਜ਼ਮਾਂ ਦੀ ਸਾਰ ਲੈਣ ਦੀ ਵਿਹਲ ਹੀ ਨਹੀਂ,ਜਦਕਿ ਵਾਅਦਾ ਖਿਲਾਫੀ ਐਨੀ ਹੈ ਕਿ ਓਲਡ ਪੈਨਸ਼ਨ ਸਕੀਮ ਲਾਗੂ ਕਰਨ ਹਿਤ ਨੋਟੀਫਿਕੇਸ਼ਨ ਕੀਤੇ ਨੂੰ ਇੱਕ ਸਾਲ ਬੀਤ ਗਿਆ ਹੈ,ਪਰ ਸਰਕਾਰ ਬੇਵਫ਼ਾਈ ਤੇ ਉੱਤਰ ਆਈ ਲਗਦੀ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਲੀਡਰ ਹਮੇਸ਼ਾ ਜਿੱਤਦੇ ਆਏ ਹਨ,ਜਦਕਿ ਪੰਜਾਬ ਹਮੇਸ਼ਾ ਹਾਰਦਾ ਆਇਆ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਜ਼ਰੂਰ ਜਿੱਤੇਗਾ,ਪਰ ਅਜਿਹੀ ਜਿੱਤ ਲਈ ਉਹਨਾਂ ਨੂੰ ਪੰਜਾਬ ਪ੍ਰਤੀ ਵਫ਼ਾਦਾਰ ਨੇਤਾ ਦੀ ਜ਼ਰੂਰਤ ਹੈ। ਸ਼ੇਅਰੋ ਸ਼ਾਇਰੀ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੁੰਜਾਕੇ ਉਹਨਾਂ ਆਪਣਾ ਭਾਸ਼ਨ ਖਤਮ ਕਰ ਦਿੱਤਾ। ਇਸਤੋਂ ਪਹਿਲਾਂ ਰੈਲੀ ਦੇ ਆਯੋਜਕ ਰਾਜਵੀਰ ਰਾਜਾ ਸਿੱਧੂ ਮਹਿਰਾਜ ਨੇ ਸਿੱਧ ਲਈ ਸਵਾਗਤੀ ਸ਼ਬਦ ਕਹੇ ਅਤੇ ਉਹਨਾਂ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕੀਤਾ। ਰੈਲੀ ਵਿਚ ਪਾਰਟੀ ਆਗੂ ਨਾਜਰ ਸਿੰਘ ਮਾਨਸ਼ਾਹੀਆ, ਹਰਵਿੰਦਰ ਸਿੰਘ ਲਾਡੀ, ਰਮਿੰਦਰ ਸਿੰਘ ਆਂਵਲਾ, ਸੁਰਜੀਤ ਸਿੰਘ ਧੀਮਾਨ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਜਗਦੇਵ ਸਿੰਘ ਕਮਾਲੁ,ਰਾਜਾ ਅਟਵਾਲ, ਮਹਿਰਾਜ ਦੇ ਨਗਰ ਪ੍ਰਧਾਨ ਗੁਰਪ੍ਰੀਤ ਬੀਹਰਾ,ਨਗਰ ਦੇ ਸਾਰੇ ਐੱਮ.ਸੀਜ਼, ਜਤਿੰਦਰ ਪ੍ਰਧਾਨ, ਖੁਸ਼ੀ ਮੱਲੂਆਣਾ, ਗੁਰਮੀਤ ਢੀਂਡਸਾ, ਧਰਮਿੰਦਰ ਸਿੰਘ, ਸਰਪੰਚ ਅਲਵੇਲ ਸਿੰਘ,ਲੱਖਾ ਸਰਪੰਚ,ਪਿੰਦਰ ਹਿੰਮਤਪੁਰਾ,ਰੂਪ ਸਿੰਘ ਕੋਠੇ ਮਹਾਂ ਸਿੰਘ,ਮਿੱਠੂ ਮਹਿਰਾਜ ਖੁਰਦ,ਮੱਲ ਸਿੰਘ ਮਹਿਰਾਜ, ਤੋਂ ਇਲਾਵਾ ਇਲਾਕੇ ਦੇ ਪੰਚਾਂ ਸਰਪੰਚਾਂ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।
ਬਦਲਾਓ ਦੇ ਨਾਅਰੇ ਹੇਠ ਆਈ ਸਰਕਾਰ ਵਿਚ ਕੁੱਝ੍ਹ ਨਹੀਂ ਬਦਲਿਆ; ਅਮਨ ਕਾਨੂੰਨ ਦੀ ਹਾਲਤ ਮੰਦੀ , ਭ੍ਰਿਸ਼ਟਾਚਾਰ ਸਿਖਰਾਂ ਤੇ: ਨਵਜੋਤ ਸਿੱਧੂ
ਨਵਜੋਤ ਸਿੰਘ ਸਿੱਧੂ 21 ਜੂਨ, 2025 ਤੋਂ ਨੈੱਟਫਲਿਕਸ 'ਤੇ ਸਟ੍ਰੀਮ ਹੋਣ ਵਾਲੇ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਤੀਜੇ ਸੀਜ਼ਨ ਵਿੱਚ ਨਜ਼ਰ ਆਉਣਗੇ।