ਨਵੀਂ ਦਿੱਲੀ – ਹਿੰਦੂ ਅਤੇ ਸਿੱਖ ਜਥੇਬੰਦੀਆਂ ਦੇ ਵਰਕਰਾਂ ਨੇ ਐਤਵਾਰ (10 ਨਵੰਬਰ 2024) ਨੂੰ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਵਿਰੋਧ ਕੈਨੇਡਾ ਦੇ ਬਰੈਂਪਟਨ ਵਿਚ ਇਕ ਹਿੰਦੂ ਮੰਦਰ ’ਤੇ ਹੋਏ ਹਮਲੇ ਤੋਂ ਬਾਅਦ ਕੀਤਾ ਗਿਆ ਸੀ, ਜਿਸ ਵਿਚ ਇਕ ਖਾਲਿਸਤਾਨ ਸਮਰਥਕ ਸਮੂਹ ਨੇ ਮੰਦਰ ਦੇ ਬਾਹਰ ਭੰਨ-ਤੋੜ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਘਟਨਾ ਤੋਂ ਬਾਅਦ ਦਿੱਲੀ ਦੇ ਚਾਣਕਿਆਪੁਰੀ ’ਚ ਕੈਨੇਡੀਅਨ ਮਿਸ਼ਨ ਦੇ ਸਾਹਮਣੇ ਸੁਰੱਖਿਆ ਵਧਾ ਦਿੱਤੀ ਗਈ, ਜਿਸ ’ਚ ਦਿੱਲੀ ਪੁਲਿਸ ਨੇ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਅਤੇ ਕਈ ਪੱਧਰਾਂ ’ਤੇ ਬੈਰੀਕੇਡ ਲਗਾ ਦਿੱਤੇ।ਹਿੰਦੂ ਸਿੱਖ ਗਲੋਬਲ ਫੋਰਮ ਦੇ ਪ੍ਰਦਰਸ਼ਨਕਾਰੀ ਕੈਨੇਡੀਅਨ ਹਾਈ ਕਮਿਸ਼ਨ ਵੱਲ ਮਾਰਚ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਪੁਲਿਸ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ “ਹਿੰਦੂ ਅਤੇ ਸਿੱਖ ਇੱਕ ਹਨ” ਅਤੇ “ਭਾਰਤ ਆਪਣੇ ਮੰਦਰਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ” ਵਰਗੇ ਨਾਅਰੇ ਲਗਾਏ।