ਜੰਮੂ – ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੀ ਸਾਂਝੀ ਕਾਰਵਾਈ ਦੌਰਾਨ ਬਾਰਾਮੁੱਲਾ ਜ਼ਿਲੇ ’ਚ ਇਕ ਨਾਕੇ ਦੌਰਾਨ ਲਸ਼ਕਰ-ਏ-ਤੋਇਬਾ ਅਤੇ ਟੀ.ਆਰ.ਐੱਫ. ਨਾਲ ਸਬੰਧਤ ਅੱਤਵਾਦੀਆਂ ਦੇ 4 ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਪੁਲਸ, 52 ਆਰ.ਆਰ. ਅਤੇ 53 ਸੀ. ਆਰ. ਪੀ. ਐੱਫ. ਬਟਾਲੀਅਨ ਨੇ ਥਾਣਾ ਸ਼ੀਰੀ ਅਧੀਨ ਨਾਰਾਧੀਰੀ ਡੇਂਗਰਪੋਰਾ ਵਿਖੇ ਨਾਕਾ ਲਾਇਆ ਹੋਇਆ ਸੀ। ਜਵਾਨਾਂ ਨੂੰ 2 ਵਿਅਕਤੀਆਂ ਦੀਆਂ ਸਰਗਰਮੀਆਂ ’ਤੇ ਸ਼ੱਕ ਹੋਇਆ। ਜਵਾਨਾਂ ਨੂੰ ਚੌਕਸ ਦੇਖ ਕੇ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਵਾਨਾਂ ਨੇ ਉਨ੍ਹਾਂ ਨੂੰ ਫੜ ਲਿਆ।
ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਇਕ ਚੀਨੀ ਪਿਸਤੌਲ, ਇਕ ਮੈਗਜ਼ੀਨ, 12 ਕਾਰਤੂਸ ਅਤੇ 2 ਹੈਂਡ ਗ੍ਰਨੇਡ ਬਰਾਮਦ ਹੋਏ। ਫੜੇ ਗਏ ਵਿਅਕਤੀਆਂ ਦੀ ਪਛਾਣ ਗੁਲਾਮ ਹਸਨ ਮੀਰ ਅਤੇ ਮੁਖਤਾਰ ਅਹਿਮਦ ਵਜੋਂ ਹੋਈ ਹੈ। ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਂਚ ਦੌਰਾਨ ਦੋਹਾਂ ਨੇ ਦੋ ਹੋਰ ਵਿਅਕਤੀਆਂ ਦਾ ਖੁਲਾਸਾ ਕੀਤਾ। ਇਸ ’ਤੇ ਅਲਤਾਫ ਅਹਿਮਦ ਅਤੇ ਫਾਰੂਕ ਅਹਿਮਦ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਕੋਲ ਹਥਿਆਰ ਹਨ। ਦੋਵਾਂ ਕੋਲੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ। ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਚਾਰੇ ਮੁਦੱਸਰ ਅਹਿਮਦ ਸ਼ੇਖ ਵਾਸੀ ਕੁੰਜਰ ਜੋ ਇਸ ਸਮੇਂ ਜੇਲ ਵਿੱਚ ਬੰਦ ਹੈ, ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।