ਭਗਵੰਤ ਮਾਨ ਨੇ ਖੁਦ ਪੰਜਾਬ ਦਾ ਗੌਰਵ ਦਿੱਲੀ ਵਾਲਿਆਂ ਕੋਲ ਗਹਿਣੇ ਰੱਖਿਆ—ਸੁਨੀਲ ਜਾਖੜ

ਚੰਡੀਗੜ੍ਹ – ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਨੂੰ ਯਾਦ ਕਰਵਾਇਆ ਹੈ ਕਿ ਕਿਸ ਤਰਾਂ ਆਪ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਗੌਰਵ ਅਤੇ ਮਾਨ ਮਰਿਆਦਾ ਨੂੰ ਆਪਣੇ ਦਿੱਲੀ ਦੇ ਆਕਾਵਾਂ ਕੋਲ ਗਹਿਣੇ ਰੱਖ ਦਿੱਤਾ ਹੈ।
ਸੁਨੀਲ ਜਾਖੜ ਨੇ ਮੁੱਖ ਮੰਤਰੀ ਵੱਲੋਂ ਵਾਰ ਵਾਰ ਭਾਜਪਾ ਤੇ ਕੀਤੇ ਜਾ ਰਹੇ ਤੱਥਹੀਣ ਹਮਲਿਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਹਮੇਸ਼ਾਂ ਹੀ ਪੰਜਾਬ ਲਈ ਕੰਮ ਕਰਦੀ ਹੀ ਹੈ ਅਤੇ ਅੱਗੇ ਤੋਂ ਵੀ ਕਰਦੀ ਰਹੇਗੀ ਅਤੇ ਇਸ ਲਈ ਉਸਨੂੰ ਕਿਸੇ ਅਜਿਹੇ ਵਿਅਕਤੀ ਦੇ ਸਰਟੀਫਿਕੇਟ ਦੀ ਜਰੂਰਤ ਨਹੀਂ ਹੈ ਜਿਸਨੇ ਪਹਿਲਾਂ ਹੀ ਪੰਜਾਬ ਦਿੱਲੀ ਆਲਿਆਂ ਕੋਲ ਗਹਿਣੇ ਕਰ ਰੱਖਿਆ ਹੋਵੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਨਾਂਅ ਮਿਟਾਉਣ ਦੀ ਗੱਲ ਨਾ ਹੀ ਕਰਨ ਤਾਂ ਬਿਹਤਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦੇ ਰਾਜ ਵਿਚ ਤਾਂ ਸਕੂਲ, ਬੱਸ ਸਟੈਂਡ ਵਰਗੇ ਛੋਟੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ ਉਨ੍ਹਾਂ ਦੇ ਦਿੱਲੀ ਵਾਲੇ ਆਕਾ ਆ ਰਹੇ ਹਨ, ਤੇ ਮੁੱਖ ਮੰਤਰੀ ਗੱਲਾਂ ਪੰਜਾਬ ਨਾਲ ਪਿਆਰ ਦੀਆਂ ਕਰਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਆਪਣੇ ਅਹੁਦੇ ਦੇ ਰੁਤਬੇ ਨੂੰ ਇਸ ਕਦਰ ਛੋਟੀ ਨਾ ਕਰਨ ਕਿ ਉਨ੍ਹਾਂ ਨੂੰ ਛੋਟਾ ਕਰਕੇ ਕੋਈ ਹੋਰ ਬਾਹਰੋਂ ਆ ਕੇ ਪੰਜਾਬ ਵਿਚ ਇਸ ਤਰਾਂ ਦੇ ਉਦਘਾਟਨ ਕਰੇ। ਉਨ੍ਹਾਂ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਮੁੱਖ ਮੰਤਰੀ ਆਪਣੀਆਂ ਇੰਨ੍ਹਾਂ ਕਮਜੋਰੀਆਂ ਕਾਰਨ ਪੰਜਾਬੀਆਂ ਦੇ ਨਾਂਅ ਨੂੰ ਲੱਗ ਰਹੇ ਖੋਰੇ ਨੂੰ ਰੋਕਣ।
ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਬਿਨਾ ਭੇਦਭਾਵ ਫੰਡ ਦਿੱਤੇ ਜਾ ਰਹੇ ਹਨ। ਕੇਂਦਰ ਪ੍ਰਯੋਜਿਤ ਸਕੀਮਾਂ ਲਈ ਵੀ ਕੇਂਦਰ ਸਰਕਾਰ ਲਗਾਤਾਰ ਫੰਡ ਦੇ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਉਹ ਹਰ ਸਟੇਜ ਤੇ ਆਖਦੇ ਹਨ ਕਿ ਖਜਾਨੇ ਵਿਚ ਕੋਈ ਕਮੀ ਨਹੀਂ ਹੈ ਤਾਂ ਫਿਰ ਉਹ ਵਾਰ ਵਾਰ ਕੇਂਦਰ ਤੋਂ ਹੋਰ ਰਕਮ ਕਿਸ ਲਈ ਮੰਗ ਰਹੇ ਹਨ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਰਾਜ ਨੂੰ ਬਣਦਾ ਹਿੱਸਾ ਦੇ ਰਹੀ ਹੈ ਦੂਜੇ ਪਾਸੇ ਮੁੱਖ ਮੰਤਰੀ ਜਿਸ ਤਰਾਂ ਰਾਜ ਭਰ ਵਿਚ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਕੇ ਆਪਣੀ ਪਾਰਟੀ ਦੇ ਮੁੱਖੀ ਦੇ ਸਰਕਾਰੀ ਖਰਚੇ ਤੇ ਪੋਸਟਰ ਲਗਾ ਰਹੇ ਹਨ, ਇਸ ਦਾ ਸਮਾਂ ਆਉਣ ਤੇ ਹਿਸਾਬ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਪੈਸਾ ਲੋਕਾਂ ਦੀ ਬਿਹਤਰੀ ਤੇ ਖਰਚਣ ਲਈ ਹੁੰਦਾ ਹੈ ਨਾ ਕਿ ਆਪਣੀਆਂ ਤਸਵੀਰਾਂ ਨਾਲ ਪੋਸਟਰ ਲਗਾਉਣ ਲਈ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !