ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ ਸਲਾਨਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ। ਗਰਲਜ਼ ਸਕੂਲ ਦੀ ਵਿਦਿਆਰਥਣ ਭਵਾਨੀ ਨੇ 95.67%, ਯੁਵਿਕਾ ਨੇ 94.83% ਅਤੇ ਅੰਜਲੀ ਨੇ 92.17% ਨੰਬਰਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਖਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀਆਂ ’ਚ ਅਭਿਮੰਨਯੂ ਨੇ 90 ਫੀਸਦੀ, ਬਘੇਲ ਸਿੰਘ ਅਤੇ ਹਰਸ਼ ਨੇ 87 ਫੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਦੌਰਾਨ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਦੀ ਉਕਤ ਉਪਲਬੱਧੀ ’ਤੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਗਰਲਜ਼ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਕਤ ਅਦਾਰਿਆਂ ਦਾ ਅਨੁਕੂਲ ਮਾਹੌਲ, ਆਧੁਨਿਕ ਅਧਿਆਪਨ ਢੰਗ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਜ਼ੋਰ ਦੇਣ ਨੇ ਵਿਦਿਆਰਥੀਆਂ ਦੀ ਇਸ ਸਫ਼ਲਤਾ ’ਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਪ੍ਰਿੰ: ਡਾ. ਗੋਗੋਆਣੀ ਨੇ ਉਕਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ 8ਵੀਂ ਜਮਾਤ ਦੇ 237 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਇਨ੍ਹਾਂ ’ਚ ਅਭਿਮੰਨਯੂ ਨੇ 90 ਫੀਸਦੀ, ਬਘੇਲ ਸਿੰਘ ਅਤੇ ਹਰਸ਼ ਨੇ 87 ਫੀਸਦੀ ਅੰਕ ਪ੍ਰਾਪਤ ਕਰਕੇ ਕਲਾਸ ’ਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ’ਚ ਨਰਸਰੀ ਤੋਂ 12ਵੀਂ ਜਮਾਤ ਤੱਕ 3000 ਦੇ ਕਰੀਬ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਹਨ ਅਤੇ ਇਹ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੀਆਂ ਉੱਤਮ ਪ੍ਰਾਪਤੀਆਂ ਕਰਕੇ ਵੀ ਜਾਣਿਆ ਜਾਂਦਾ ਹੈ।
ਇਸ ਮੌਕੇ ਪ੍ਰਿੰ: ਨਾਗਪਾਲ ਨੇ ਉਕਤ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੈਸ਼ਨ 2025–26 ’ਚ ਉਕਤ ਜਮਾਤ ਦੀ ਸਾਲਾਨਾ ਪ੍ਰੀਖਿਆ ’ਚ 100% ਸ਼ਾਨਦਾਰ ਨਤੀਜਾ ਦਰਜ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ 8-ਏ ਦੀ ਭਵਾਨੀ ਨੇ 574/600 (95.67%) ਨੰਬਰਾਂ ਨਾਲ ਪਹਿਲਾ, 8-ਸੀ ਦੀ ਯੁਵਿਕਾ ਨੇ 569/600 (94.83%) ਨਾਲ ਦੂਜਾ ਅਤੇ 8-ਸੀ ਦੀ ਅੰਜਲੀ ਨੇ 553/600 (92.17%) ਨਾਲ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਸਮੂਹ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਸ ਸ਼ਾਨਦਾਰ ਉਪਲਬਧੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਵਿਦਿਆਰਥਣਾਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਸਾਂਝਾ ਫਲ ਹੈ।