ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਵਿੱਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ। ਭਾਜਪਾ ਦੇ ਸੌਰਭ ਜੋਸ਼ੀ ਨੂੰ ਮੇਅਰ ਚੁਣ ਲਿਆ ਗਿਆ ਹੈ ਅਤੇ ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ ਹਨ। ਮੇਅਰ ਦੀ ਚੋਣ ਦੌਰਾਨ ਸੌਰਭ ਜੋਸ਼ੀ ਨੂੰ 18 ਵੋਟਾਂ ਹਾਸਲ ਹੋਈਆਂ, ਜਦਕਿ ਕਾਂਗਰਸ ਉਮੀਦਵਾਰ ਨੂੰ ਸੱਤ ਅਤੇ ‘ਆਪ’ ਉਮੀਦਵਾਰ ਨੂੰ 11 ਵੋਟਾਂ ਮਿਲੀਆਂ। ਇਸ ਵਾਰ ਵੋਟਿੰਗ ਗੁਪਤ ਤਰੀਕੇ ਬੈਲੇਟ ਪੇਪਰ ਦੀ ਥਾਂ ਹੱਥ ਖੜ੍ਹੇ ਕਰਕੇ ਕੀਤੀ ਗਈ। ਸੌਰਭ ਜੋਸ਼ੀ ਦੇ ਹੱਕ ਵਿਚ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਸਮਰਥਨ ਦਿੱਤਾ। ਦੂਜੇ ਪਾਸੇ ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਗਾਬੀ ਤੇ ਆਮ ਆਦਮੀ ਪਾਰਟੀ ਤੋਂ ਯੋਗੇਸ਼ ਢੀਂਗਰਾ ਤੇ ਰਾਮ ਚੰਦਰ ਨੇ ਆਜ਼ਾਦ ਉਮੀਦਵਾਰ ਵਜੋਂ ਮੇਅਰ ਲਈ ਕਾਗਜ਼ ਦਾਖਲ ਕੀਤੇ ਸਨ। ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਦੇ ਹੱਕ ਵਿਚ ਸੰਸਦ ਮੈਂਬਰ ਸਣੇ 7 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਦੇ ਹੱਕ ਵਿਚ 11 ਕੌਂਸਲਰਾਂ ਨੇ ਹੱਥ ਖੜ੍ਹੇ ਕੀਤੇ। ਪਹਿਲੀ ਵਾਰ ਤਿੰਨ ਪਾਰਟੀਆਂ ਮੇਅਰ ਦੀ ਚੋਣ ਲੜ ਰਹੀਆਂ ਸਨ ਜਦਕਿ ਪਿਛਲੀਆਂ ਦੋ ਚੋਣਾਂ ਵਿੱਚ ‘ਆਪ’ ਅਤੇ ਕਾਂਗਰਸ ਦਾ ਗਠਜੋੜ ਸੀ।
ਭਾਜਪਾ ਨੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਵੀ ਜਿੱਤ ਲਈ ਹੈ। ਭਾਜਪਾ ਦੇ ਉਮੀਦਵਾਰ ਜਸਮਨਪ੍ਰੀਤ ਸਿੰਘ ਨੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਜਿੱਤ ਕੇ ਸੀਨੀਅਰ ਡਿਪਟੀ ਮੇਅਰ ਬਣ ਗਏ ਹਨ। ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਵੱਲੋਂ ਜਸਮਨਪ੍ਰੀਤ ਸਿੰਘ, ‘ਆਪ’ ਵੱਲੋਂ ਮੁਨੱਵਰ ਖਾਨ ਅਤੇ ਕਾਂਗਰਸ ਵੱਲੋਂ ਸਚਿਨ ਗਾਲਵ ਚੋਣ ਮੈਦਾਨ ਵਿੱਚ ਸਨ।
ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਸੁਮਨ ਸ਼ਰਮਾ, ਆਮ ਆਦਮੀ ਪਾਰਟੀ ਵੱਲੋਂ ਜਸਵਿੰਦਰ ਕੌਰ, ਜਦਕਿ ਕਾਂਗਰਸ ਵੱਲੋਂ ਨਿਰਮਲਾ ਦੇਵੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹੋਏ ਸਨ। ਡਿਪਟੀ ਮੇਅਰ ਵੱਜੋਂ ਭਾਜਪਾ ਦੀ ਸੁਮਨ ਸ਼ਰਮਾ ਨੂੰ ਜਿੱਤ ਹਾਸਿਲ ਹੋਈ।
ਭਾਜਪਾ ਵੱਲੋਂ ਮੇਅਰ ਦੇ ਉਮੀਦਵਾਰ ਸੌਰਭ ਜੋਸ਼ੀ ਸਮੇਤ ਸਾਰੇ ਭਾਜਪਾ ਕੌਂਸਲਰ ਇਕੱਠੇ ਆਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋਏ ਸਾਡੇ ਦਸ ਵਜੇ ਤੋਂ ਬਾਅਦ ਅੰਦਰ ਦਾਖਲ ਹੋਏ। ਚੰਡੀਗੜ੍ਹ ਨਗਰ ਨਿਗਮ ਦਫਤਰ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਨਗਰ ਨਿਗਮ ਦਫਤਰ ਦੇ ਬਾਹਰ ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਸਨ। ਨਗਰ ਨਿਗਮ ਦਾ ਦਫਤਰ ਪੁਲੀਸ ਛਾਉਣੀ ਬਣਿਆ ਰਿਹਾ ਅਤੇ ਨਿਗਮ ਦਫਤਰ ਦੇ ਸਾਰੇ ਰਸਤੇ ਪੁਲੀਸ ਨੇ ਬੈਰੀਕੇਡ ਲਾ ਕੇ ਬੰਦ ਕਰ ਦਿੱਤੇ ਸਨ।