ਭਾਰਤ ’ਚ ਸੀ.ਓ.ਪੀ.33 ਦੀ ਮੇਜ਼ਬਾਨੀ ਦਾ ਪੀ.ਐਮ. ਵੱਲੋਂ ਪ੍ਰਸਤਾਵ ਅਸੀਂ ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਹਾਂ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਦਸੰਬਰ ਨੂੰ ਭਾਰਤ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਆਯੋਜਿਤ ਕਰਨ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਇਸ ਪਲੇਟਫਾਰਮ ਤੋਂ ਮੈਂ ਭਾਰਤ ਵਿਚ ਸੀ.ਓ.ਪੀ.33 ਦੀ ਮੇਜ਼ਬਾਨੀ ਕਰਨ ਦਾ ਪ੍ਰਸਤਾਵ ਰੱਖਦਾ ਹਾਂ। ਇਸ ਦੌਰਾਨ ਪੀ.ਐੱਮ. ਮੋਦੀ ਨੇ ਵਾਤਾਵਰਨ ਨੂੰ ਲੈ ਕੇ ਭਾਰਤ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਮੋਦੀ ਨੇ ਦੁਬਈ ਵਿਚ ਸੀ.ਓ.ਪੀ. 28 ਵਿੱਚ ਕਿਹਾ, ‘‘ਭਾਰਤ ਨੇ ਵਾਤਾਵਰਨ ਅਤੇ ਆਰਥਿਕਤਾ ਵਿੱਚ ਸੰਪੂਰਨ ਸੰਤੁਲਨ ਬਣਾ ਕੇ ਵਿਸ਼ਵ ਨੂੰ ਵਿਕਾਸ ਦਾ ਇੱਕ ਮਾਡਲ ਪੇਸ਼ ਕੀਤਾ ਹੈ’’ ਇਸ ਦੌਰਾਨ ਮੋਦੀ ਨੇ ਲੋਕਾਂ ਦੀ ਭਾਗੀਦਾਰੀ ਰਾਹੀਂ ਕਾਰਬਨ ਸਿੰਕ ਬਣਾਉਣ ’ਤੇ ਕੇਂਦਰਿਤ ਗ੍ਰੀਨ ਕ੍ਰੈਡਿਟ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਦੁਬਈ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੌਰਾਨ ਰਾਜਾਂ ਤੇ ਸਰਕਾਰਾਂ ਦੇ ਮੁਖੀਆਂ ਦੇ ਇੱਕ ਉੱਚ-ਪੱਧਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਵਿਸ਼ਵ ਲਈ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਸੀ.ਓ.ਪੀ. 28 ਦੇ ਪ੍ਰਧਾਨ ਸੁਲਤਾਨ ਅਲ ਜਾਬੇਰ
ਅਤੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਪ੍ਰਧਾਨ ਸਾਈਮਨ ਸਟਿਲ ਦੇ ਨਾਲ ਉਦਘਾਟਨੀ ਪੂਰਨ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਧਾਨ ਮੰਤਰੀ ਮੋਦੀ ਇੱਕੋ ਇੱਕ ਨੇਤਾ ਸਨ। ਪ੍ਰਧਾਨ ਮੰਤਰੀ ਨੇ ਕਟੌਤੀ ਅਤੇ ਅਨੁਕੂਲਤਾ ਵਿਚਕਾਰ ਸੰਤੁਲਨ ਬਣਾਈ ਰੱਖਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਸ਼ਵ ਭਰ ਵਿੱਚ ਊਰਜਾ ਤਬਦੀਲੀ ਬਰਾਬਰ ਅਤੇ ਸਮਾਵੇਸ਼ੀ ਹੋਣੀ ਚਾਹੀਦੀ ਹੈ। ਮੋਦੀ ਨੇ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਅਮੀਰ ਦੇਸ਼ਾਂ ਤੋਂ ਤਕਨਾਲੋਜੀ ਟ੍ਰਾਂਸਫਰ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਵਾਤਾਵਰਨ ਲਈ ਜੀਵਨ ਸ਼ੈਲੀ (ਲਾਈਫ ਮੂਵਮੈਂਟ) ਦਾ ਸਮਰਥਨ ਕਰ ਰਹੇ ਹਨ ਅਤੇ ਦੇਸ਼ਾਂ ਨੂੰ ਗ੍ਰਹਿ-ਅਨੁਕੂਲ ਜੀਵਨ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕਰ ਰਹੇ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ, ਮੋਦੀ ਨੇ ਕਿਹਾ ਕਿ ਇਹ ਪਹੁੰਚ ਕਾਰਬਨ ਨਿਕਾਸ ਨੂੰ 2 ਬਿਲੀਅਨ ਟਨ ਤਕ ਘਟਾ ਸਕਦੀ ਹੈ। ਪੀ.ਐੱਮ. ਨੇ ਕਿਹਾ ਕਿ ਹਰ ਕਿਸੇ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿਚ ਸਾਰਿਆਂ ਦੀ ਭਾਗੀਦਾਰੀ ਜ਼ਰੂਰੀ ਹੈ।

Related posts

ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਗ੍ਰੀਨਫੀਲਡ ਕਨੈਕਟੀਵਿਟੀ ਪ੍ਰੋਜੈਕਟ ਨੂੰ ਪ੍ਰਵਾਨਗੀ

ਕਤਰ ‘ਤੋਂ 1000 ਭਾਰਤੀ ਨਾਗਰਿਕ ਸੁਰੱਖਿਅਤ ਵਾਪਸ ਪਰਤੇ

ਬਿਹਾਰ ਸਰਕਾਰ ਦਾ ਉਦੇਸ਼ ਗੰਨੇ ਦੀ ਖੇਤੀ ਤੇ ਖੰਡ ਉਦਯੋਗ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ ਹੈ।