ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਨੂੰ 550 ਤੋਂ ਵੱਧ ਉਡਾਣਾਂ ਰੱਦ ਕਿਉਂ ਕਰਨੀਆਂ ਪਈਆਂ ?

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਪਿਛਲੇ ਪੰਜ ਦਿਨਾਂ ਤੋਂ ਸਟਾਫ਼ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ।

ਭਾਰਤ ਦੇ ਵਿੱਚ ਨਵੇਂ ਹਵਾਬਾਜ਼ੀ ਸੁਰੱਖਿਆ ਨਿਯਮਾਂ ਦੇ ਕਾਰਣ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਪਿਛਲੇ ਪੰਜ ਦਿਨਾਂ ਤੋਂ ਸਟਾਫ਼ ਦੀ ਘਾਟ ਦਾ ਸਾਹਮਣਾ ਕਰਦਿਆਂ ਵੱਡੀਆਂ ਮੁਸ਼ਕਲਾਂ ਦੇ ਨਾਲ ਜੂਝ ਰਹੀ ਹੈ। ਇਸ ਨਾਲ ਇੰਡੀਗੋ ਦੇ ਸੰਚਾਲਨ ਪ੍ਰਭਾਵਿਤ ਹੋਏ ਹਨ। ਰਿਪੋਰਟਾਂ ਦੇ ਅਨੁਸਾਰ ਵੀਰਵਾਰ ਨੂੰ ਦਿੱਲੀ ਅਤੇ ਮੁੰਬਈ ਸਮੇਤ 10 ਤੋਂ ਵੱਧ ਹਵਾਈ ਅੱਡਿਆਂ ‘ਤੇ 550 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਪੁਣੇ ਹਵਾਈ ਅੱਡੇ ‘ਤੇ ਹਵਾਈ ਅੱਡੇ ਦੀਆਂ ਦੋਵੇਂ ਮੰਜ਼ਿਲਾਂ ਯਾਤਰੀਆਂ ਨਾਲ ਭਰੀਆਂ ਹੋਈਆਂ ਹਨ। ਕਈ ਯਾਤਰੀਆਂ ਦੇ ਵਲੋਂ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਉਡੀਕ ਕਰਦੇ ਰਹੇ ਤਿੰਨ ਯਾਤਰੀ ਤਾਂ ਬੇਹੋਸ਼ ਵੀ ਹੋ ਗਏ।

ਦਿੱਲੀ ਹਵਾਈ ਅੱਡੇ ‘ਤੇ ਕੱਲ੍ਹ 95 ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ। ਇਨ੍ਹਾਂ ਵਿੱਚ 48 ਰਵਾਨਾ ਹੋਣ ਵਾਲੀਆਂ ਅਤੇ 47 ਆਉਣ ਵਾਲੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਸਨ। ਇਸ ਦੌਰਾਨ ਮੁੰਬਈ ਵਿੱਚ 86 ਉਡਾਣਾਂ, ਬੰਗਲੁਰੂ ਵਿੱਚ 50, ਹੈਦਰਾਬਾਦ ਵਿੱਚ 70, ਜੈਪੁਰ ਵਿੱਚ 4 ਅਤੇ ਇੰਦੌਰ ਵਿੱਚ 3 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

1 ਨਵੰਬਰ ਤੋਂ ਲਾਗੂ ਹੋਏ ਪਾਇਲਟਾਂ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਲਈ ਸੁਰੱਖਿਆ ਨਿਯਮਾਂ ਵਿੱਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਬਦਲਾਅ ਨਾਲ ਇੰਡੀਗੋ ਏਅਰਲਾਈਨਜ਼ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਅਤੇ ਨਵੇਂ ਨਿਯਮਾਂ ਦਾ ਸਭ ਤੋਂ ਵੱਧ ਪ੍ਰਭਾਵ ਇੰਡੀਗੋ ਏਅਰਲਾਈਨਜ਼ ‘ਤੇ ਪਿਆ ਹੈ। ਵੀਰਵਾਰ ਨੂੰ ਇੰਡੀਗੋ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਚਰਚਾ ਕਰਨ ਲਈ ਡੀਜੀਸੀਏ ਨਾਲ ਮੁਲਾਕਾਤ ਵੀ ਕੀਤੀ।

ਡੀਜੀਸੀਏ ਨੇ ਪਾਇਲਟਾਂ ਅਤੇ ਹੋਰ ਚਾਲਕ ਦਲ ਦੇ ਮੈਂਬਰਾਂ ਲਈ ਕੰਮ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ ਜੋ 1 ਨਵੰਬਰ ਤੋਂ ਲਾਗੂ ਹੋਏ ਹਨ। ਇਸਨੂੰ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਕਿਹਾ ਜਾਂਦਾ ਹੈ। ਇਹਨਾਂ ਨੂੰ ਦੋ ਪੜਾਵਾਂ ਵਿੱਚ ਲਾਗੂ ਕੀਤਾ ਗਿਆ ਸੀ। ਪਹਿਲਾ ਪੜਾਅ 1 ਜੁਲਾਈ ਤੋਂ ਲਾਗੂ ਹੋਇਆ। ਦੂਜਾ ਪੜਾਅ 1 ਨਵੰਬਰ ਤੋਂ ਲਾਗੂ ਹੋਇਆ ਹੈ। ਨਵੇਂ ਨਿਯਮਾਂ ਵਿੱਚ ਯਾਤਰੀਆਂ ਦੀ ਸੁਰੱਖਿਆ ਨੂੰ ਵਧਾਉਣ ਲਈ ਪਾਇਲਟਾਂ ਅਤੇ ਚਾਲਕ ਦਲ ਨੂੰ ਢੱੁਕਵਾਂ ਆਰਾਮ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਕਾਰਣ ਏਅਰਲਾਈਨਾਂ ਲਈ ਪਾਇਲਟਾਂ ਅਤੇ ਸਟਾਫ਼ ਮੈਂਬਰਾਂ ਦੀ ਅਚਾਨਕ ਘਾਟ ਹੋ ਗਈ ਹੈ। ਡੀਜੀਸੀਏ ਨੇ ਰਿਪੋਰਟ ਦਿੱਤੀ ਹੈ ਕਿ ਨਵੰਬਰ ਵਿੱਚ ਕੁੱਲ 1,232 ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 755 ਐਫਡੀਟੀਐਲ ਨਿਯਮਾਂ ਕਾਰਨ ਰੱਦ ਕੀਤੀਆਂ ਗਈਆਂ।

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੰਡੀਗੋ ਏਅਰਲਾਈਨ ਤੋਂ ਮੌਜੂਦਾ ਸਮੱਸਿਆਵਾਂ ਦੇ ਕਾਰਣਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਦੀਆਂ ਯੋਜਨਾਵਾਂ ਬਾਰੇ ਵੇਰਵੇ ਮੰਗੇ ਹਨ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਵੀਰਵਾਰ ਨੂੰ ਏਅਰਲਾਈਨ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਡੀਜੀਸੀਏ ਨੇ ਇੰਡੀਗੋ ਨੂੰ ਸੁਧਾਰ ਲਈ ਕੁੱਝ ਮੁੱਖ ਪਹਿਲੂਆਂ ‘ਤੇ ਕੰਮ ਕਰਨ ਲਈ ਕਿਹਾ ਹੈ। ਡੀਜੀਸੀਏ ਨੇ ਇੰਡੀਗੋ ਨੂੰ ਹਰ 15 ਦਿਨਾਂ ਵਿੱਚ ਇੱਕ ਚਾਲਕ ਦਲ ਦੀ ਭਰਤੀ, ਸਿਖਲਾਈ ਰੋਡਮੈਪ, ਰੋਸਟਰ ਪੁਨਰਗਠਨ, ਸੁਰੱਖਿਆ ਯੋਜਨਾ ਪ੍ਰਦਾਨ ਕਰਨ ਅਤੇ ਪ੍ਰਗਤੀ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਹੈ। ਡੀਜੀਸੀਏ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਉਡਾਣਾਂ ਰੱਦ ਕਰਨ ਅਤੇ ਦੇਰੀ ਨੂੰ ਘਟਾਉਣ ਦੇ ਤਰੀਕਿਆਂ ਦਾ ਮੁਲਾਂਕਣ ਕਰ ਰਿਹਾ ਹੈ। ਡੀਜੀਸੀਏ ਦੇ ਅਨੁਸਾਰ ਸਟਾਫ਼ ਦੀ ਘਾਟ ਮੁੱਖ ਕਾਰਣ ਹੈ ਅਤੇ ਇੰਡੀਗੋ ਇਸ ਸਮੱਸਿਆ ਦਾ ਸ੍ਹਾਮਣਾ ਕਰ ਰਹੀ ਹੈ। ਨਵੰਬਰ ਵਿੱਚ 1,232 ਉਡਾਣਾਂ ਰੱਦ ਕੀਤੀਆਂ ਗਈਆਂ ਸਨ ਅਤੇ ਮੰਗਲਵਾਰ ਨੂੰ 1,400 ਉਡਾਣਾਂ ਵਿੱਚ ਦੇਰੀ ਹੋਈ।

ਇੰਡੀਗੋ ਏਅਰਲਾਈਨ ਰੋਜ਼ਾਨਾ ਲਗਭਗ 2,300 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਚਲਾਉਂਦੀ ਹੈ ਅਤੇ ਏਅਰਲਾਈਨ ਕੋਲ 434 ਜਹਾਜ਼ਾਂ ਦਾ ਸਭ ਤੋਂ ਵੱਡਾ ਬੇੜਾ ਹੈ। ਇੰਡੀਗੋ ਭਾਰਤ ਦੀਆਂ ਘਰੇਲੂ ਉਡਾਣਾਂ ਦਾ 60% ਤੋਂ ਵੱਧ ਸੰਚਾਲਨ ਕਰਦੀ ਹੈ। ਇਹ ਇੱਕ ਦਿਨ ਵਿੱਚ ਏਅਰ ਇੰਡੀਆ ਦੁਆਰਾ ਚਲਾਈਆਂ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਤੋਂ ਲਗਭਗ ਦੁੱਗਣੀ ਹੈ। ਇੰਨੇ ਵੱਡੇ ਪੱਧਰ ‘ਤੇ 10-20 ਪ੍ਰਤੀਸ਼ਤ ਉਡਾਣਾਂ ਵੀ ਦੇਰੀ ਨਾਲ ਜਾਂ ਰੱਦ ਹੁੰਦੀਆਂ ਹਨ ਤਾਂ ਇਸਦੇ ਨਤੀਜੇ ਵਜੋਂ 200-400 ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਹਜ਼ਾਰਾਂ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਵੀ 200 ਤੋਂ ਵੱਧ ਇੰਡੀਗੋ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਇੰਡੀਗੋ ਦੇ ਕੋਲ ਇਸ ਵੇਲੇ 5,456 ਪਾਇਲਟ ਅਤੇ 10,212 ਕੈਬਿਨ ਕਰੂ ਮੈਂਬਰ ਹਨ ਜਿਨ੍ਹਾਂ ਵਿੱਚੋਂ 41,000 ਤੋਂ ਵੱਧ ਸਥਾਈ ਕਰਮਚਾਰੀ ਹਨ। ਇੰਡੀਗੋ ਦਾ ਦਾਅਵਾ ਹੈ ਕਿ ਨਵੇਂ ਉਡਾਣ ਸਮਾਂ ਸੀਮਾ ਨਿਯਮਾਂ ਕਾਰਣ ਪਾਇਲਟਾਂ ਅਤੇ ਚਾਲਕ ਦਲ ਦੀ ਕਮੀ ਹੋ ਗਈ ਹੈ। ਨਵੇਂ ਨਿਯਮਾਂ ਨੇ ਪਾਇਲਟਾਂ ਦੇ ਉਡਾਣ ਦੇ ਘੰਟੇ ਪ੍ਰਤੀ ਦਿਨ ਅੱਠ ਘੰਟੇ ਕਰ ਦਿੱਤੇ ਹਨ। ਰਾਤ ਦੀ ਲੈਂਡਿੰਗ ਛੇ ਤੋਂ ਘਟਾ ਕੇ ਦੋ ਕਰ ਦਿੱਤੀ ਗਈ ਹੈ। ਚਾਲਕ ਦਲ ਨੂੰ ਪ੍ਰਤੀ 24 ਘੰਟਿਆਂ ਵਿੱਚ 10 ਘੰਟੇ ਆਰਾਮ ਕਰਨ ਦੀ ਆਗਿਆ ਦਿੱਤੀ ਗਈ ਹੈ।

ਇੰਡੀਗੋ ਏਅਰਲਾਈਨ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਛੋਟੀਆਂ ਤਕਨੀਕੀ ਗਲਤੀਆਂ, ਸਰਦੀਆਂ ਦੇ ਸ਼ਡਿਊਲ ਵਿੱਚ ਬਦਲਾਅ, ਖਰਾਬ ਮੌਸਮ, ਹੌਲੀ ਹਵਾਬਾਜ਼ੀ ਨੈੱਟਵਰਕ, ਅਤੇ ਚਾਲਕ ਦਲ ਦੇ ਸ਼ਿਫਟ ਚਾਰਟ (ਫਲਾਈਟ ਡਿਊਟੀ ਸਮਾਂ ਸੀਮਾ) ਨਾਲ ਸਬੰਧਤ ਨਵੇਂ ਨਿਯਮਾਂ ਕਾਰਣ ਸੰਚਾਲਨ ਪ੍ਰਭਾਵਿਤ ਹੋਇਆ ਹੈ। ਇਹ ਪਹਿਲਾਂ ਤੋਂ ਹੀ ਸੰਭਵ ਨਹੀਂ ਸੀ। 5 ਦਸੰਬਰ ਤੱਕ ਸਥਿਤੀ ਆਮ ਵਾਂਗ ਹੋ ਜਾਵੇਗੀ। ਵੀਰਵਾਰ 4 ਦਸੰਬਰ 2025 ਨੂੰ ਇੰਡੀਗੋ ਨੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਉਹ ਜਲਦੀ ਹੀ ਕੰਮਕਾਜ ਨੂੰ ਬਹਾਲ ਕਰਨ ਲਈ ਕੰਮ ਕਰ ਰਹੀ ਹੈ। ਏਅਰਲਾਈਨ ਨੇ ਨਿਯਮਾਂ ਵਿੱਚ ਢਿੱਲ ਦੇਣ ਦੀ ਬੇਨਤੀ ਕੀਤੀ ਅਤੇ ਕਿਹਾ ਹੈ ਕਿ ਕੰਮਕਾਜ ਨੂੰ ਆਮ ਬਣਾਉਣ ਵਿੱਚ ਤਿੰਨ ਮਹੀਨੇ ਲੱਗ ਸਕਦੇ ਹਨ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !