ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਡੁਬਈ ਇੰਟਰਨੈਸ਼ਨਲ ਏਅਰਪੋਰਟ, ਫੋਟੋ: ਡੈਸਟੀਨੇਸ਼ਨ ਡੀਐਕਸਬੀ।

ਇਜ਼ਰਾਈਲ ਅਤੇ ਅਮਰੀਕਾ ਵਲੋਂ ਈਰਾਨ ਉਪਰ ਕੀਤੇ ਜਾ ਰਹੇ ਹਮਲਿਆਂ ਦੇ ਕਾਰਣ ਮਿਡਲ-ਈਸਟ ਦੇ ਵਿੱਚ ਵਧ ਰਹੇ ਤਣਾਅ ਦੇ ਕਾਰਣ ਯਾਤਰੀ ਵਿੱਚ-ਵਿਚਾਲੇ ਹੀ ਫਸ ਕੇ ਰਹਿ ਗਏ ਹਨ ਅਤੇ ਉਹਨਾਂ ਦਾ ਸੰਪਰਕ ਬਾਕੀ ਦੁਨੀਆਂ ਨਾਲੋਂ ਟੁੱਟ ਗਿਆ ਹੈ। ਇਸ ਯੁੱਧ ਨਾਲ ਦੁਨੀਆਂ ਦੇ ਸਭ ਤੋਂ ਬਿਜ਼ੀ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੇ ਵਿੱਚੋਂ ਇੱਕ, ਡੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਹਮਲੇ ਦੇ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਥੇ ਯਾਤਰੀ ਵੱਡੀ ਗਿਣਤੀ ਦੇ ਵਿੱਚ ਫਸੇ ਹੋਏ ਹਨ। ਡਰੋਨ ਹਮਲੇ ਤੋਂ ਬਾਅਦ ਆਬੂ-ਧਾਬੀ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਹੈ, ਕਤਰ ਦੇ ਪ੍ਰਮੁੱਖ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ 28 ਫਰਵਰੀ ਤੋਂ ਬੰਦ ਹੈ, ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡਾ 28 ਫਰਵਰੀ ਤੋਂ ਬੰਦ ਹੈ, ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡਾ 28 ਫਰਵਰੀ ਤੋਂ ਬੰਦ ਹੈ ਅਤੇ ਇਸ ਨਾਲ ਭਾਰਤ-ਯੂਰਪ ਉੱਤਰੀ ਹਵਾਈ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤਹਿਰਾਨ ਦਾ ਇਮਾਮ ਖੋਮੇਨੀ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਹੈ, ਬਹਿਰੀਨ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਹੈ, ਜੇਦਾਹ ਦਾ ਕਿੰਗ ਅਬਦੁਲਅਜ਼ੀਜ਼ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਹੈ, ਇਜ਼ਰਾਈਲ ਦਾ ਹਵਾਈ ਖੇਤਰ 6 ਮਾਰਚ ਤੱਕ ਲਈ ਬੰਦ ਕੀਤਾ ਗਿਆ ਹੈ। ਮਸਕਟ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਨੋ-ਫਲਾਈ ਜ਼ੋਨ ਐਲਾਨਿਆ ਗਿਆ ਹੈ। ਸ਼ਾਰਜਾਹ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਯੂਏਈ ਦਾ ਰਾਸ ਅਲ ਖੇਮਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਬੰਦ ਕੀਤਾ ਗਿਆ ਹੈ।

ਇਸ ਦੌਰਾਨ ਕਈ ਦੇਸ਼ਾਂ ਵਿੱਚ ਹਵਾਈ ਖੇਤਰ ਬੰਦ ਹੋਣ ਕਾਰਣ ਪੱਛਮੀ ਦੇਸ਼ਾਂ ਦੀਆਂ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਬਹੁਤ ਸਾਰੀਆਂ ਏਅਰਲਾਈਨਾਂ ਨੂੰ ਆਪਣੇ ਰੂਟ ਬਦਲਣੇ ਪਏ ਹਨ ਜਿਸ ਕਾਰਣ ਉਡਾਣਾ ਲੰਬਾ ਸਮਾਂ ਲੈ ਰਹੀਆਂ ਹਨ ਅਤੇ ਯਾਤਰੀਆਂ ਵਿੱਚ ਦੇਰੀ ਹੋਈ ਹੈ। ਇਸ ਯੁੱਧ ਵਾਲੇ ਖੇਤਰ ਤੋਂ ਬਚਾਅ ਦੇ ਲਈ ਸਾਵਧਾਨੀ ਵਜੋਂ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਇਸ ਨਾਲ ਯੂਰਪ ਅਤੇ ਉੱਤਰੀ ਅਮਰੀਕਾ ਲਈ ਉਡਾਣਾਂ ਨੂੰ ਲੰਬਾ ਸਫ਼ਰ ਤੈਅ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਈ ਉਡਾਣਾਂ ਨੂੰ ਓਮਾਨ, ਸਾਊਦੀ ਅਰਬ ਅਤੇ ਮਿਸਰ ਉੱਤੇ ਦੱਖਣੀ ਰੂਟ ਰਾਹੀਂ ਮੁੜ ਰੂਟ ਕੀਤਾ ਜਾ ਰਿਹਾ ਹੈ, ਜਿਸ ਨਾਲ ਉਡਾਣ ਦਾ ਸਮਾਂ ਇੱਕ ਤੋਂ ਦੋ ਘੰਟੇ ਵਧ ਗਿਆ ਹੈ।

ਭਾਰਤੀ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਦੇ ਅਨੁਸਾਰ ਸੈਂਕੜੇ ਉਡਾਣਾਂ ਨੂੰ ਰੱਦ ਜਾਂ ਡਾਇਵਰਟ ਕੀਤਾ ਗਿਆ ਹੈ। ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਯਾਤਰੀਆਂ ਨੂੰ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਉਡਾਣ ਦੀ ਸਥਿਤੀ ਪਹਿਲਾਂ ਤੋਂ ਜਾਂਚ ਕਰਨ ਲਈ ਕਿਹਾ ਗਿਆ ਹੈ। ਕਨੈਕਟਿੰਗ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਕਾਰਣ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ। ਭਾਰਤੀ ਏਅਰਲਾਈਨਾਂ ਵੀ ਪ੍ਰਭਾਵਿਤ ਹੋਈਆਂ ਹਨ। ਦਿੱਲੀ-ਲੰਡਨ ਅਤੇ ਹੋਰ ਯੂਰਪੀ ਰੂਟਾਂ ‘ਤੇ ਉਡਾਣਾਂ ਬਦਲਵੇਂ ਰੂਟਾਂ ਰਾਹੀਂ ਚਲਾਈਆਂ ਜਾ ਰਹੀਆਂ ਹਨ। ਕੁੱਝ ਉਡਾਣਾਂ ਨੂੰ ਰਿਫਿਊਲੰਿਗ ਲਈ ਵਾਧੂ ਤਕਨੀਕੀ ਸਟਾਪ ਵੀ ਕਰਨੇ ਪੈ ਰਹੇ ਹਨ। ਏਅਰਲਾਈਨਜ਼ ਦਾ ਮੰਨਣਾ ਹੈ ਕਿ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਸਥਿਤੀ ਆਮ ਹੁੰਦੇ ਹੀ ਨਿਯਮਤ ਰੂਟ ਬਹਾਲ ਕਰ ਦਿੱਤੇ ਜਾਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤਣਾਅ ਜਾਰੀ ਰਹਿੰਦਾ ਹੈ, ਤਾਂ ਅੰਤਰਰਾਸ਼ਟਰੀ ਉਡਾਣਾਂ ਦਾ ਸਮਾਂ ਅਤੇ ਲਾਗਤ ਹੋਰ ਪ੍ਰਭਾਵਿਤ ਹੋ ਸਕਦੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਉਡਾਣ ਸਥਿਤੀ ਬਾਰੇ ਅਪਡੇਟਸ ਲਈ ਆਪਣੀ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ ਜਾਂ ਗਾਹਕ ਸੇਵਾ ਦੀ ਜਾਂਚ ਕਰਨ।

ਇਹਨਾਂ ਹਾਲਾਤਾਂ ਦੇ ਨਾਲ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ਵਿਚਕਾਰ ਹਵਾਈ ਸੰਪਰਕ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਵਾਈ ਸਫ਼ਰ ਦੇ ਲਈ ਲੰਬੀ ਦੂਰੀ ਅਤੇ ਜਿਆਦਾ ਤੇਲ ਦੀ ਲੋੜ ਦੇ ਕਾਰਣ ਏਅਰਲਾਈਨ ਦੀਆਂ ਲਾਗਤਾਂ ਪ੍ਰਭਾਵਿਤ ਹੋਈਆਂ ਹਨ। ਇਸ ਨਾਲ ਹਵਾਈ ਸਫ਼ਰ ਦੀਆਂ ਟਿਕਟਾਂ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਸਕਦੀਆਂ ਹਨ।

Related posts

ਪਾਲਤੂ ਜਾਨਵਰਾਂ ਨੂੰ ਗੋਦ ਲੈਣਾ ਵੱਡੀ ਜ਼ਿੰਮੇਵਾਰੀ ਹੈ ਨਾ ਕਿ ਜਜ਼ਬਾਤ ਵਿੱਚ ਲਿਆ ਫੈਸਲਾ !

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !