ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ।

ਭਾਰਤ-ਫਰਾਂਸ ਦੋਹਾਂ ਦੇਸ਼ਾਂ ਨੇ ਹੈਲੀਕਾਪਟਰ ਅਤੇ ਮਿਜ਼ਾਈਲ ਨਿਰਮਾਣ ਲਈ ਰੱਖਿਆ ਖੇਤਰ ਵਿੱਚ ਵੱਡੇ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਇਸ ਤੋਂ ਇਲਾਵਾ, ਸਿਹਤ ਸੰਭਾਲ ਵਿੱਚ ਏਆਈ ਦੀ ਵਰਤੋਂ ਅਤੇ ਟੈਕਸ ਨਿਯਮਾਂ ਵਿੱਚ ਬਦਲਾਅ ‘ਤੇ ਵੀ ਕਈ ਸਮਝੌਤੇ ਕੀਤੇ ਹਨ ਜੋ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦੇ ਹਨ। ਭਾਰਤ ਅਤੇ ਫਰਾਂਸ ਨੇ ਇੱਕ ਵਿਸ਼ੇਸ਼ ਗਲੋਬਲ ਰਣਨੀਤਕ ਭਾਈਵਾਲੀ ਦੁਆਰਾ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਇਤਿਹਾਸਕ ਪੱਧਰ ‘ਤੇ ਹੋਰ ਉੱਚਾ ਕਰ ਦਿੱਤਾ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਨੇ ਮੁੰਬਈ ਵਿੱਚ ਰੱਖਿਆ, ਤਕਨਾਲੋਜੀ, ਸਟਾਰਟਅੱਪ, ਜ਼ਰੂਰੀ ਖਣਿਜ, ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਰਾਸ਼ਟਰਪਤੀ ਮੈਕਰੋਨ ਦੀ ਫੇਰੀ ਦੌਰਾਨ ਰੱਖਿਆ ਖੇਤਰ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਕਰਨਾਟਕ ਦੇ ਵੇਮਗਲ ਵਿੱਚ H125 ਹੈਲੀਕਾਪਟਰ ਫਾਈਨਲ ਅਸੈਂਬਲੀ ਲਾਈਨ ਦਾ ਉਦਘਾਟਨ ਕੀਤਾ ਗਿਆ। ਇਹ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਹੈਲੀਕਾਪਟਰ ਫੈਕਟਰੀ ਹੋਵੇਗੀ ਜੋ ਟਾਟਾ ਅਤੇ ਏਅਰਬੱਸ ਦੁਆਰਾ ਸਾਂਝੇ ਤੌਰ ‘ਤੇ ਚਲਾਈ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਸਾਂਝੇ ਤੌਰ ‘ਤੇ ਮਾਊਂਟ ਐਵਰੈਸਟ ਤੱਕ ਉਡਾਣ ਭਰਨ ਦੇ ਸਮਰੱਥ ਹੈਲੀਕਾਪਟਰ ਵਿਕਸਤ ਕਰਨਗੇ। ਭਾਰਤ ਇਨ੍ਹਾਂ ਹੈਲੀਕਾਪਟਰਾਂ ਨੂੰ ਦੂਜੇ ਦੇਸ਼ਾਂ ਨੂੰ ਵੀ ਨਿਰਯਾਤ ਕਰੇਗਾ। ਭਾਰਤ ਵਿੱਚ ਨਿਰਮਿਤ ਪਹਿਲਾ H125 ਹੈਲੀਕਾਪਟਰ 2027 ਦੇ ਸ਼ੁਰੂ ਵਿੱਚ ਡਿਲੀਵਰ ਹੋਣ ਦੀ ਉਮੀਦ ਹੈ। ਇਹ ਫੈਕਟਰੀ ਐਮਰਜੈਂਸੀ ਮੈਡੀਕਲ ਸੇਵਾਵਾਂ, ਪੁਲਿਸ ਅਤੇ ਯਾਤਰੀ ਆਵਾਜਾਈ ਲਈ ਹੈਲੀਕਾਪਟਰ ਬਣਾਏਗੀ। ਇਸ ਤੋਂ ਇਲਾਵਾ BEL ਅਤੇ ਫਰਾਂਸੀਸੀ ਕੰਪਨੀ Safran ਵਿਚਕਾਰ ਭਾਰਤ ਵਿੱਚ ਹੈਮਰ ਮਿਜ਼ਾਈਲ ਬਨਾਉਣ ਲਈ ਇੱਕ ਸਮਝੌਤਾ ਹੋਇਆ। ਦੋਵਾਂ ਫੌਜਾਂ ਵਿਚਕਾਰ ਅਧਿਕਾਰੀਆਂ ਦੀ ਆਪਸੀ ਤਾਇਨਾਤੀ ਅਤੇ ਉੱਨਤ ਤਕਨਾਲੋਜੀ ਦੇ ਵਿਕਾਸ ਲਈ ਇੱਕ ਸੰਯੁਕਤ ਸਮੂਹ ਬਨਾਉਣ ‘ਤੇ ਵੀ ਸਮਝੌਤੇ ਕੀਤੇ ਗਏ।

ਭਾਰਤ ਅਤੇ ਫਰਾਂਸ ਨੇ ਹੋਰਾਈਜ਼ਨ 2047 ਰੋਡਮੈਪ ਨੂੰ ਲਾਗੂ ਕਰਨ ਵਿੱਚ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਸਾਲਾਨਾ ਵਿਦੇਸ਼ ਮੰਤਰੀ ਪੱਧਰ ‘ਤੇ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਆਰਥਿਕ ਮੋਰਚੇ ‘ਤੇ, ਭਾਰਤ ਅਤੇ ਫਰਾਂਸ ਨੇ ਡਬਲ ਟੈਕਸ ਬਚਣ ਸਮਝੌਤੇ (DTAA) ਨਿਯਮਾਂ ਵਿੱਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਨਿਵੇਸ਼ ਅਤੇ ਵਪਾਰ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ, ਜ਼ਰੂਰੀ ਖਣਿਜਾਂ ਅਤੇ ਧਾਤਾਂ ਦੀ ਸਪਲਾਈ ਲੜੀ ਵਿੱਚ ਸਹਿਯੋਗ ਲਈ ਇੱਕ ਸੰਯੁਕਤ ਐਲਾਨਨਾਮੇ ‘ਤੇ ਦਸਤਖਤ ਕੀਤੇ ਗਏ। ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ‘ਭਾਰਤ-ਫਰਾਂਸ ਇਨੋਵੇਸ਼ਨ ਨੈੱਟਵਰਕ’ ਸ਼ੁਰੂ ਕੀਤਾ ਗਿਆ। ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਸਨ। ਇਸ ਵਿੱਚ ਡਿਜੀਟਲ ਸਾਇੰਸ ਲਈ ਇੱਕ ਸੰਯੁਕਤ ਕੇਂਦਰ ਦੀ ਸਥਾਪਨਾ ਅਤੇ ਸਟਾਰਟਅੱਪਸ ਵਿਚਕਾਰ ਸਹਿਯੋਗ ਵਧਾਉਣਾ ਸ਼ਾਮਲ ਹੈ। ਸਿਹਤ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਲਈ ਇੱਕ ਵਿਸ਼ੇਸ਼ ਕੇਂਦਰ ਦਿੱਲੀ ਦੇ ਏਮਜ਼ ਵਿਖੇ ਖੋਲ੍ਹਿਆ ਜਾਵੇਗਾ। ਛੂਤ ਦੀਆਂ ਬਿਮਾਰੀਆਂ ਅਤੇ ਮੈਟਾਬੋਲਿਕ ਸਿਹਤ ‘ਤੇ ਖੋਜ ਲਈ ਨਵੇਂ ਕੇਂਦਰ ਵੀ ਸਥਾਪਿਤ ਕੀਤੇ ਜਾਣਗੇ। ਹਵਾਬਾਜ਼ੀ ਖੇਤਰ ਵਿੱਚ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਇੱਕ ‘ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ’ ਸਥਾਪਤ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਦੇ ਡਾਕ ਵਿਭਾਗਾਂ ਨੇ ਵੀ ਆਪਸੀ ਸਹਿਯੋਗ ਲਈ ਵੀ ਹੱਥ ਮਿਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ, “ਭਾਰਤ-ਫਰਾਂਸ ਸਾਂਝੇਦਾਰੀ ਨਾ ਸਿਰਫ਼ ਰਣਨੀਤਕ ਹੈ, ਸਗੋਂ ਦੁਨੀਆ ਵਿੱਚ ਸਥਿਰਤਾ ਅਤੇ ਤਰੱਕੀ ਵੀ ਲਿਆਏਗੀ।”

Related posts

ਆਸਟ੍ਰੇਲੀਆ ਦੇ ਪ੍ਰਵਾਸੀਆਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਬਹੁਤ ਅਹਿਮੀਅਤ !

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ