ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ. ਟੀ. ਰੋਡ ਵਿਖੇ ‘ਸ: ਗੁਰਨਾਮ ਸਿੰਘ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2024’ ਪ੍ਰੋਗਰਾਮ ਕਰਵਾਇਆ ਗਿਆ। ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਸਦਕਾ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਕਾਲਜ ਦੇ ਐਲੂਮਨੀ ਅਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ. ਟੀ. ਰੋਡ ਦੇ ਸਾਬਕਾ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀ ਰਾਜੇਸ਼ ਪ੍ਰਭਾਕਰ, ਐੱਸ. ਬੀ. ਐੱਸ. ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਪ੍ਰਿਅੰਕਾ ਕਾਲੀਆ ਅਤੇ ਐੱਸ. ਬੀ. ਐੱਸ. ਸੀਨੀਅਰ ਸੈਕੰਡਰੀ ਸਕੂਲ ਤੋਂ ਕੋ-ਆਰਡੀਨੇਟਰ ਸ੍ਰੀਮਤੀ ਸ਼ਿਵਾਨੀ ਆਨੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦੀ ਸ਼ਰੂਆਤ ’ਚ ਡਾ. ਕੁਮਾਰ ਨੇ ਆਏ ਸਮੂੰਹ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਨ ਉਪਰੰਤ ਕਿਹਾ ਕਿ ਸ. ਗੁਰਨਾਮ ਸਿੰਘ (ਸੰਸਥਾਪਕ ਪ੍ਰਿੰਸੀਪਲ, ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ. ਰੋਡ) ਦੀ ਯਾਦ ’ਚ ਸ਼ੁਰੂ ਕੀਤਾ ਗਿਆ ‘ਸਟੂਡੈਂਟ ਆਫ਼ ਦਾ ਯੀਅਰ ਐਵਾਰਡ’ ਇਕ ਵਿਸ਼ੇਸ਼ ਉਪਰਾਲਾ ਹੈ ਜੋ ਸਾਰੇ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਸਰੋਤ ਹੈ। ਉਨ੍ਹਾਂ ਸਮੂੰਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਇਕ ਚੰਗਾ ਅਧਿਆਪਕ ਬਣਨ ਦੇ ਨਾਲ-ਨਾਲ ਆਦਰਸ਼ ਨਾਗਰਿਕ ਬਣਨ ਲਈ ਵੀ ਪੇ੍ਰਰਿਤ ਕੀਤਾ। ਉਨ੍ਹਾਂ ਕਿਹਾ ਕਿ ਸਵੈ-ਵਿਸ਼ਵਾਸ, ਜੋਸ਼ ਅਤੇ ਜਨੂੰਨ ਇਕ ਵਿਅਕਤੀ ਵਿਸ਼ੇਸ਼ ਲਈ ਸਫਲਤਾ ਦਾ ਗੁਰ ਮੰਤਰ ਹੈ ਅਤੇ ਹਰੇਕ ਵਿਦਿਆਰਥੀ ਨੂੰ ਇਨ੍ਹਾਂ ਦਾ ਧਾਰਨੀ ਹੋਣਾ ਚਾਹੀਦਾ ਹੈ।
ਇਸ ਮੌਕੇ ਪ੍ਰਿੰ: ਸ: ਗਿੱਲ ਨੇ ਕਿਹਾ ਕਿ ਕਾਲਜ ਦੇ ਐਲੂਮਨੀ ਹੋਣ ਕਾਰਨ ਇਸ ਕਾਲਜ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ ਅਤੇ ਇਸ ਸੰਸਥਾ ’ਚ ਅਕਾਦਮਿਕ ਸਰਗਰਮੀਆਂ ਦੇ ਨਾਲ-ਨਾਲ ਸਹਿ ਅਕਾਦਮਿਕ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਸਰਬ ਪੱਖੀ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ ਅਤੇ ਕਾਲਜ ਦੁਆਰਾ ਉਨ੍ਹਾਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਕਾਲਜ ਪ੍ਰਿੰਸੀਪਲ ਅਤੇ ਸਮੂੰਹ ਸਟਾਫ ਪ੍ਰਸੰਸ਼ਾ ਦੇ ਪਾਤਰ ਹਨ।
ਇਸ ਮੌਕੇ ਡਾ. ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਵਾਰਡ ਪ੍ਰੋਗਰਾਮ ਸਬੰਧੀ ਕਾਲਜ ਦੇ ਵੱਖ-ਵੱਖ ਕੋਰਸਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੇ ਅਪਲਾਈ ਕੀਤਾ ਜਿਸ ’ਚ ਮਨਜੋਤ ਕੌਰ (ਬੀ. ਐਡ.), ਮਹਿਕਦੀਪ ਕੌਰ (ਬੀ. ਐਡ-ਐਮ. ਐਡ) ਜਰਨੈਲ ਸਿੰਘ (ਬੀ. ਐਸ. ਸੀ.-ਬੀ. ਐਡ.) ਨੂੰ ‘ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2024’ ਨਾਲ ਨਿਵਾਜ਼ਿਆ ਗਿਆ ਜਿਸ ’ਚ ਉਪਰੋਕਤ ਹਰੇਕ ਵਿਦਿਆਰਥੀ ਨੂੰ ਸਨਮਾਨ ਪੱਤਰ ਅਤੇ 21000/- ਰੁਪੈ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ,ਉਨ੍ਹਾਂ ਕਿਹਾ ਕਿ ਜਸ਼ਨਪ੍ਰੀਤ ਕੌਰ (ਐਮ. ਐਡ), ਈਸ਼ਾ ਲੁਥਰਾ, ਸੁਮਿਤ ਨੇਬ, ਸ਼ਰਮੀਲਾ, ਤਿੰਦਰਪਾਲ ਸਿੰਘ (ਬੀ. ਐਡ.) ਦਿਵਆਂਸ਼ੀ ਭੂਮੀਆ, ਅੰਮ੍ਰਿਤਪਾਲ ਸਿੰਘ, ਪੂਜਾ (ਬੀ. ਏ.-ਬੀ. ਐਡ.), ਅਨਮੋਲਪ੍ਰੀਤ ਕੌਰ, ਆਰਜੂ ਕੰਬੋਜ, ਪ੍ਰਭਜੀਤ ਸਿੰਘ (ਬੀ. ਐਸ. ਸੀ- ਬੀ. ਐਡ.) ਆਦਿ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਡਾ. ਕੁਮਾਰ ਨੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ, ਐਸੋਸੀਏਟ ਪ੍ਰੋਫੈਸਰ ਡਾ. ਗੁਰਜੀਤ ਕੌਰ ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਡਾ. ਪਾਰੂਲ ਅਗਰਵਾਲ, ਡਾ. ਮਨਪ੍ਰੀਤ ਕੌਰ, ਅੰਜੂ ਸ਼ਰਮਾ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।