ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ‘ਚ ਹਾਰੀ ਸਿੰਧੂ, ਤਾਈ ਖ਼ਿਲਾਫ਼ ਲਗਾਤਾਰ 7ਵਾਂ ਮੁਕਾਬਲਾ ਗੁਆਇਆ

ਕੁਆਲਾਲੰਪੁਰ – ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸ਼ੁੱਕਰਵਾਰ ਨੂੰ ਇੱਥੇ ਮੁੜ ਤਾਈ ਜੁ ਿਯੰਗ ਨੂੰ ਹਰਾਉਣ ਦਾ ਤਰੀਕਾ ਨਹੀਂ ਲੱਭ ਸਕੀ ਤੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ। ਇਕ ਹਫ਼ਤਾ ਪਹਿਲਾਂ ਵੀ ਉਹ ਮਲੇਸ਼ੀਆ ਓਪਨ ਵਿਚ ਚੀਨੀ ਤਾਇਪੇ ਦੀ ਮਹਾਨ ਖਿਡਾਰਨ ਹੱਥੋਂ ਹਾਰ ਗਈ ਸੀ। ਸੱਤਵਾਂ ਦਰਜਾ ਹਾਸਲ ਸਿੰਧੂ ਨੂੰ 55 ਮਿੰਟ ਤਕ ਚੱਲੇ ਮੁਕਾਬਲੇ ਵਿਚ 13-21, 21-12, 12-21 ਨਾਲ ਹਾਰ ਮਿਲੀ। ਟੋਕੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਤਾਈ ਜੁ ਖ਼ਿਲਾਫ ਸਿੰਧੂ ਦੀ ਇਹ ਕਰੀਅਰ ਦੀ 17ਵੀਂ ਹਾਰ ਹੈ। ਉਹ ਪਿਛਲੇ ਸੱਤ ਮੁਕਾਬਲਿਆਂ ਵਿਚ ਚੀਨੀ ਤਾਇਪੇ ਦੀ ਖਿਡਾਰਨ ਹੱਥੋਂ ਹਾਰੀ ਹੈ। ਪਿਛਲੀ ਵਾਰ ਸਿੰਧੂ ਨੇ ਤਾਈ ਜੁ ਨੂੰ ਬਾਸੇਲ ਵਿਚ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਹਰਾਇਆ ਸੀ ਜਿਸ ਵਿਚ ਇਸ ਭਾਰਤੀ ਦੇ ਨਾਂ ਗੋਲਡ ਮੈਡਲ ਰਿਹਾ ਸੀ।

ਤਾਈ ਜੁ ਨੇ ਆਪਣੀ ਤੇਜ਼ ਖੇਡ ਨਾਲ ਸ਼ੁਰੂ ‘ਚ ਹੀ ਇਰਾਦੇ ਜ਼ਾਹਰ ਕਰ ਦਿੱਤੇ। ਉਹ 10-9 ਦੀ ਬੜ੍ਹਤ ਨੂੰ 15-9 ਕਰਨ ਵਿਚ ਕਾਮਯਾਬ ਰਹੀ ਤੇ ਦਬਦਬਾ ਬਣਾਉਂਦੇ ਹੋਏ ਮੈਚ ਵਿਚ ਬੜ੍ਹਤ ਹਾਸਲ ਕੀਤੀ। ਸਿੰਧੂ ਨੇ ਦੂਜੀ ਗੇਮ ਵਿਚ 11-4 ਦੀ ਬੜ੍ਹਤ ਬਣਾਈ ਤੇ ਫਿਰ ਰੈਲੀਆਂ ‘ਤੇ ਕੰਟਰੋਲ ਕਰਦੇ ਹੋਏ ਮੈਚ ਵਿਚ 1-1 ਦੀ ਬਰਾਬਰੀ ‘ਤੇ ਪੁੱਜ ਗਈ। ਫ਼ੈਸਲਾਕੁਨ ਗੇਮ ਵਿਚ ਵੀ ਭਾਰਤੀ ਖਿਡਾਰਨ ਨੇ ਇਹੀ ਲੈਅ ਜਾਰੀ ਰੱਖੀ ਤੇ ਇਕ ਸਮੇਂ ਉਹ 7-3 ਦੀ ਬੜ੍ਹਤ ‘ਤੇ ਸੀ ਜਿਸ ਨਾਲ ਲੱਗ ਰਿਹਾ ਸੀ ਕਿ ਉਹ ਤਾਈ ਜੁ ਨੂੰ ਹਰਾ ਦੇਵੇਗੀ ਪਰ ਦੂਜਾ ਦਰਜਾ ਹਾਸਲ ਖਿਡਾਰਨ ਨੇ ਮੁੜ ਵਾਪਸੀ ਕੀਤੀ ਤੇ ਬ੍ਰੇਕ ਤਕ ਦੋ ਅੰਕਾਂ ਦੀ ਬੜ੍ਹਤ ਬਣਾਈ। ਬ੍ਰੇਕ ਤੋਂ ਬਾਅਦ ਸਿੰਧੂ ਦੀਆਂ ਗ਼ਲਤੀਆਂ ਤੇ ਵਿਰੋਧੀ ਦੀ ਸ਼ਾਨਦਾਰ ਖੇਡ ਨਾਲ ਉਹ ਗੇਮ ਪੂਰੀ ਤਰ੍ਹਾਂ ਤਾਈ ਜੁ ਦੇ ਪੱਖ ਵਿਚ ਹੋ ਗਈ ਜਿਨ੍ਹਾਂ ਨੇ 19-11 ਦੀ ਬੜ੍ਹਤ ਤੋਂ ਬਾਅਦ ਆਸਾਨੀ ਨਾਲ ਜਿੱਤ ਦਰਜ ਕੀਤੀ।

Related posts

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਦੀ ਆਪਣੀ ਵਿਲੱਖਣ ਪਹਿਚਾਣ – ਮੀਤ ਹੇਅਰ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹੁਣ ਸਿਰਫ਼ ਜ਼ਿੰਬਾਬਵੇ ਦੇ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਹੀ ਉਮੀਦਾਂ !