ਮੁੰਬਈ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਸਬੰਧੀ 288 ਵਿਧਾਨ ਸਭਾ ਹਲਕਿਆਂ ਵਿਚ 264 ਦੇ ਨਤੀਜੇ ਆ ਗਏ ਹਨ ਤੇ ਹਾਕਮ ਮਹਾਯੁਤੀ ਗੱਠਜੋੜ ਨੇ ਬਹੁਮਤ ਹਾਸਲ ਕਰ ਲਿਆ ਹੈ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਵਿੱਚੋਂ 264 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ ਵਿਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਦੀ ਸਰਕਾਰ ਬਣਨੀ ਤੈਅ ਹੈ। ਇਨ੍ਹਾਂ ਐਲਾਨੇ ਨਤੀਜਿਆਂ ਵਿਚ ਭਾਜਪਾ ਨੇ 118 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਪਾਰਟੀ 14 ’ਤੇ ਅੱਗੇ ਚਲ ਰਹੀ ਹੈ। ਸ਼ਿਵ ਸੈਨਾ ਨੇ 54 ਸੀਟਾਂ ਜਿੱਤ ਲਈਆਂ ਹਨ ਤੇ 3 ’ਤੇ ਅੱਗੇ ਚਲ ਰਹੀ ਹੈ, ਐਨਸੀਪੀ ਨੇ 39 ਸੀਟਾਂ ਜਿੱਤੀਆਂ ਹਨ ਤੇ ਦੋ ’ਤੇ ਅੱਗੇ ਚਲ ਰਹੀ ਹੈ।
ਮਹਾਰਾਸ਼ਟਰ ਦੇ ਚੋਣ ਨਤੀਜਿਆਂ ਦਾ ਮੁਲਾਂਕਣ ਕਰੇਗੀ ਕਾਂਗਰਸ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਚੋਣ ਨਤੀਜਿਆਂ ਨੂੰ ਆਸ ਤੋਂ ਪਰ੍ਹੇ ਦੱਸਿਆ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਦੇ ਚੋਣ ਨਤੀਜਿਆਂ ਦਾ ਵਿਸਥਾਰ ਨਾਲ ਮੁਲਾਂਕਣ ਕਰੇਗੀ। ਐਕਸ ’ਤੇ ਹਿੰਦੀ ਵਿੱਚ ਪੋਸਟ ਪਾ ਕੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਝਾਰਖੰਡ ਦੇ ਵੋਟਰਾਂ ਦੇ ਨਾਲ-ਨਾਲ ਮਹਾਰਾਸ਼ਟਰ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਸੂਬੇ ਦੇ ਵੋਟਰਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਅਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ’ਤੇ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਈ ਹੈ। ਇੱਕ ਚੋਣ ਅਧਿਕਾਰੀ ਨੇ ਦੱਸਿਆ ਕਿ ਰਾਜ ਦੇ ਸਾਰੇ ਗਿਣਤੀ ਕੇਂਦਰਾਂ ਵਿੱਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਗਿਣਤੀ ਕੇਂਦਰਾਂ ‘ਤੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਜਾਂਚ ਅਤੇ ਗਿਣਤੀ ਸ਼ੁਰੂ ਕੀਤੀ, ਈਵੀਐਮ ਵੋਟਾਂ ਦੀ ਗਿਣਤੀ ਸਵੇਰੇ 8.30 ਵਜੇ ਸ਼ੁਰੂ ਹੋਈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਖੇਤਰ ਵਿੱਚ ਗਿਣਤੀ ਦੇ ਘੱਟੋ-ਘੱਟ 20 ਗੇੜ ਹੋਣਗੇ। 20 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਅੰਤਿਮ ਮਤਦਾਨ 66.05 ਪ੍ਰਤੀਸ਼ਤ ਸੀ, ਜੋ ਕਿ 2019 ਵਿੱਚ 61.1 ਪ੍ਰਤੀਸ਼ਤ ਸੀ। 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 145 ਹੈ। ਮੌਜੂਦਾ ਰਾਜ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ