ਮੁੰਬਈ – ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਵੀਰਵਾਰ ਨੂੰ ਸ਼੍ਰੀਵਰਧਨ ਬੰਦਰਗਾਹ ਨੇੜੇ ਦੋ ਕਿਸ਼ਤੀਆਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਕੋਲੋਂ ਦੋ ਤੋਂ ਤਿੰਨ ਏ.ਕੇ.-47 ਰਾਈਫਲਾਂ ਅਤੇ ਕੁਝ ਜਿੰਦਾ ਕਾਰਤੂਸ ਮਿਲੇ ਹਨ। ਦੂਜੀ ਕਿਸ਼ਤੀ ਵਿੱਚੋਂ ਲਾਈਫ ਜੈਕੇਟ ਅਤੇ ਕੁਝ ਹੋਰ ਸ਼ੱਕੀ ਵਸਤੂਆਂ ਮਿਲੀਆਂ ਹਨ। ਦੋਹਾਂ ਵਿਚ ਕੋਈ ਵਿਅਕਤੀ ਨਹੀਂ ਸੀ। ਇਨ੍ਹਾਂ ਸ਼ੱਕੀ ਕਿਸ਼ਤੀਆਂ ਮਿਲਣ ਤੋਂ ਬਾਅਦ ਪੁਲਿਸ ਨੇ ਇਲਾਕੇ ‘ਚ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਸ਼੍ਰੀਵਰਧਨ ਬੰਦਰਗਾਹ ਦੀ ਵਰਤੋਂ 12 ਮਾਰਚ, 1993 ਦੇ ਲੜੀਵਾਰ ਧਮਾਕਿਆਂ ਲਈ ਵਿਸਫੋਟਕ ਅਤੇ ਹਥਿਆਰਾਂ ਨੂੰ ਉਤਾਰਨ ਲਈ ਵੀ ਕੀਤੀ ਗਈ ਸੀ।
ਸ਼ੱਕੀ ਕਿਸ਼ਤੀ ਨੂੰ ਸਥਾਨਕ ਲੋਕਾਂ ਨੇ ਸਵੇਰੇ 8 ਵਜੇ ਦੇਖਿਆ। ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਸਥਾਨਕ ਤਹਿਸੀਲਦਾਰ ਅਤੇ ਪੁਲਿਸ ਨੇ ਕਿਸ਼ਤੀ ਦੇ ਨੇੜੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੇ ਇੱਕ ਡੱਬੇ ਵਿੱਚ ਏਕੇ 47 ਰਾਈਫਲਾਂ ਅਤੇ ਕੁਝ ਜਿੰਦਾ ਕਾਰਤੂਸ ਰੱਖੇ ਹੋਏ ਦੇਖੇ। ਕਿਸ਼ਤੀ ਦੀ ਰਜਿਸਟ੍ਰੇਸ਼ਨ ਬ੍ਰਿਟੇਨ ਦੀ ਦੱਸੀ ਜਾ ਰਹੀ ਹੈ, ਜਦਕਿ ਕਿਸ਼ਤੀ ‘ਚ ਰੱਖੇ ਏਕੇ-47 ਦੇ ਡੱਬੇ ‘ਤੇ ਓਮਾਨ ਦੀ ਕੰਪਨੀ ਦਾ ਨਾਂ ਲਿਖਿਆ ਹੋਇਆ ਹੈ। ਪੁਲਿਸ ਅੰਦਾਜ਼ਾ ਲਾ ਰਹੀ ਹੈ ਕਿ ਇਹ ਕਿਸ਼ਤੀ ਭਾਰਤੀ ਸਮੁੰਦਰੀ ਸਰਹੱਦ ਦੇ ਬਾਹਰ ਕਿਤੇ ਟੰਗੀ ਗਈ ਹੋ ਸਕਦੀ ਹੈ। ਜਿੱਥੋਂ ਮੌਨਸੂਨੀ ਹਵਾਵਾਂ ਕਾਰਨ ਇਹ ਮੁੰਬਈ ਨੇੜੇ ਰੁੜ੍ਹ ਆਈ ਹੈ, ਪਰ ਪੁਲਿਸ ਕਿਸ਼ਤੀ ਸਬੰਧੀ ਕਿਸੇ ਅੱਤਵਾਦੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕਰ ਰਹੀ ਹੈ। ਮੁੰਬਈ ਅਤੇ ਨੇੜਲੇ ਰਾਏਗੜ੍ਹ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਸ਼ੱਕੀ ਕਿਸ਼ਤੀਆਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਏਜੰਸੀ ਮੁਤਾਬਕ ਵੀਰਵਾਰ ਨੂੰ ਮਹਾਰਾਸ਼ਟਰ ਦੇ ਹਰੀਹਰੇਸ਼ਵਰ ਬੀਚ ਨੇੜੇ ਇਕ ਸ਼ੱਕੀ ਕਿਸ਼ਤੀ ਮਿਲਣ ਤੋਂ ਬਾਅਦ ਰਾਏਗੜ੍ਹ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਏਟੀਐਸ ਦੀ ਟੀਮ ਰਾਏਗੜ੍ਹ ਲਈ ਰਵਾਨਾ ਹੋ ਗਈ ਹੈ, ਜਿੱਥੇ ਹਰੀਹਰੇਸ਼ਵਰ ਬੀਚ ‘ਤੇ ਹਥਿਆਰਾਂ ਨਾਲ ਭਰੀ ਇੱਕ ਸ਼ੱਕੀ ਕਿਸ਼ਤੀ ਮਿਲੀ ਹੈ। ਅੱਤਵਾਦੀ ਸਾਜ਼ਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮੁੰਬਈ ‘ਚ ਪਹਿਲਾਂ ਵੀ ਅੱਤਵਾਦੀ ਹਮਲੇ ਹੋ ਚੁੱਕੇ ਹਨ। ਜਿਸ ਵਿੱਚ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਸਥਾਨਕ ਪੁਲਿਸ ਦੇ ਅਨੁਸਾਰ, ਹਰੀਹਰੇਸ਼ਵਰ ਬੀਚ ਅਤੇ ਰਾਏਗੜ੍ਹ ਜ਼ਿਲ੍ਹੇ ਦੇ ਭਰਦਖੋਲ ਵਿਖੇ ਇੱਕ ਅਣਪਛਾਤੀ ਕਿਸ਼ਤੀ ਮਿਲੀ ਹੈ। ਜਿਸ ‘ਤੇ ਕੋਈ ਮੌਜੂਦ ਨਹੀਂ ਹੈ। ਕੋਸਟ ਗਾਰਡ ਅਤੇ ਮਹਾਰਾਸ਼ਟਰ ਮੈਰੀਟਾਈਮ ਬੋਰਡ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਿਭਾਗ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਰਾਏਗੜ੍ਹ ਦੇ ਹਰੀਹਰੇਸ਼ਵਰ ਬੀਚ ‘ਤੇ ਮਿਲੀ ਸ਼ੱਕੀ ਕਿਸ਼ਤੀ ‘ਤੇ ਹਥਿਆਰ ਮਿਲੇ ਹਨ।
ਰਾਏਗੜ੍ਹ ਦੀ ਵਿਧਾਇਕਾ ਅਦਿਤੀ ਤਤਕਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਰਾਏਗੜ੍ਹ ਦੇ ਸ਼੍ਰੀਵਰਧਨ ਦੇ ਹਰੀਹਰੇਸ਼ਵਰ ਅਤੇ ਭਰਦਖੋਲ ‘ਚ ਹਥਿਆਰਾਂ ਅਤੇ ਦਸਤਾਵੇਜ਼ਾਂ ਨਾਲ ਭਰੀਆਂ ਕੁਝ ਕਿਸ਼ਤੀਆਂ ਮਿਲੀਆਂ ਹਨ। ਸਥਾਨਕ ਪੁਲਿਸ ਜਾਂਚ ਕਰ ਰਹੀ ਹੈ, ਮੈਂ CM-DE CM ਤੋਂ ਮੰਗ ਕੀਤੀ ਹੈ ਕਿ ਤੁਰੰਤ ATS ਜਾਂ ਸਟੇਟ ਏਜੰਸੀ ਦੀ ਵਿਸ਼ੇਸ਼ ਟੀਮ ਨਿਯੁਕਤ ਕੀਤੀ ਜਾਵੇ।
ਮੁੰਬਈ ਵਿੱਚ 26 ਨਵੰਬਰ 2008 ਨੂੰ ਹੋਏ ਅੱਤਵਾਦੀ ਹਮਲੇ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਹਮਲੇ ‘ਚ ਸ਼ਾਮਲ ਲਸ਼ਕਰ ਦੇ ਅੱਤਵਾਦੀ ਸਮੁੰਦਰੀ ਰਸਤੇ ਤੋਂ ਆਏ ਸਨ। ਇਨ੍ਹਾਂ ‘ਚੋਂ 9 ਅੱਤਵਾਦੀ ਮਾਰੇ ਗਏ ਸਨ। ਅਜਮਲ ਕਸਾਬ ਜ਼ਿੰਦਾ ਫੜਿਆ ਗਿਆ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।