ਮੁੱਖ ਚੋਣ ਅਧਿਕਾਰੀ ਨੇ ਭਾਰਤੀ ਚੋਣ ਕਮਿਸ਼ਨ ਦੀ ਟੀਮ ਨੂੰ ਦਿਵਾਇਆ ਭਰੋਸਾ, ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੰਜਾਬ ਭਰ ’ਚ ਵਧਾਈ ਚੌਕਸੀ

ਚੰਡੀਗੜ੍ਹ – ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਉਪ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਤੇ ਅਜੇ ਭਾਦੂ ਦੀ ਅਗਵਾਈ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ, ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ ਤੇ ਇਨਕਮ ਟੈਕਸ, ਈਡੀ, ਕਸਟਮਜ਼ ਸਮੇਤ ਇਨਫੋਰਸਮੈਂਟ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਬੰਧਾਂ ਤੇ ਕਾਨੂੰਨ ਵਿਵਸਥਾ ਦੇ ਤਾਲਮੇਲ ਦੀ ਸਮੀਖਿਆ ਕਰਨ ਲਈ ਅੰਤਰ-ਰਾਜ਼ੀ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਮਿਸ਼ਨ ਦੀ ਟੀਮ ਨੇ ਸੂਬੇ ਦੀਆਂ ਚੋਣ ਟੀਮਾਂ ਅਤੇ ਸਬੰਧਤ ਏਜੰਸੀਆਂ ਨੂੰ ਸਰਹੱਦਾਂ ’ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ।ਇਸ ਦੌਰਾਨ ਸੂਬੇ ਦੇ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੰਤਰਰਾਜ਼ੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਕਮਿਸ਼ਨ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਗੁਆਂਢੀ ਰਾਜਾਂ ਦੀਆਂ ਅੰਤਰ-ਰਾਜੀ ਚੈਕ ਪੋਸਟਾਂ ’ਤੇ ਹੋਰ ਚੌਕਸੀ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਗੈਰ-ਕਾਨੂੰਨੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਮੁਫਤ ਦੀਆਂ ਚੀਜ਼ਾਂ ਦੀ ਸਰਹੱਦ ਪਾਰ ਤੋਂ ਰੋਕ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਮਿਸ਼ਨ ਦੀ ਟੀਮ ਨੂੰ ਜਾਣਕਾਰੀ ਦਿੱਤੀ ਕਿ ਸੂਬੇ ’ਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਅਧਿਕਾਰੀਆਂ ਨੂੰ ਨਾਲ ਲੱਗਦੇ ਸਰਹੱਦੀ ਰਾਜਾਂ ਦੇ ਸਹਿਯੋਗ ਨਾਲ ਗੈਰ ਕਾਨੂੰਨੀ ਸਮਾਨ ਦੀਆਂ ਜ਼ਬਤੀਆਂ ਵਧਾਉਣ ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉੱਥੇ ਹੀ ਕਮਿਸ਼ਨ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਪੁਲਿਸ ਤੇ ਸੀਆਰਪੀਐਫ ਦੀਆਂ ਟੀਮਾਂ ਨੂੰ ਸਖ਼ਤ ਨਿਗਰਾਨੀ ਰੱਖਣ ਅਤੇ ਨਸ਼ਿਆਂ ਨੂੰ ਰੋਕਣ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਮਿਸ਼ਨ ਦੀ ਟੀਮ ਨੂੰ ਯਕੀਨ ਦਿਵਾਇਆ ਕਿ ਸੂਬੇ ਵਿੱਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੌਕਸੀ ਵਧਾ ਦਿੱਤੀ ਗਈ ਹੈ ਤੇ ਯੋਗ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ