ਮੁੱਖ ਮੰਤਰੀ ਤੇ ਵਿੱਤ ਮੰਤਰੀ ਸਿੱਧੂ ਦੇ ਸਵਾਲਾਂ ਦੇ ਜਵਾਬ ਦੇਣ

ਚੰਡੀਗੜ੍ਹ – ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਵੱਲੋਂ ਹਰ ਦਿਨ ਕੀਤੇ ਜਾਂਦੇ ਐਲਾਨਾਂ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਕਿ ਚੰਨੀ ਸਰਕਾਰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਵਾਲਾਂ ਦੇ ਖੁੱਲ੍ਹੇ ਮੰਚ ’ਤੇ ਜਵਾਬ ਦੇਵੇ ਜੋ ਚੰਨੀ ਸਰਕਾਰ ਦੇ ਐਲਾਨਾਂ ਨੂੰ ਤਿੰਨ ਮਹੀਨਿਆਂ ਦੇ ਜੁਮਲੇ ਕਹਿ ਕੇ ਪ੍ਰਚਾਰ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਖ਼ਜ਼ਾਨਾ ਵੀ ਖ਼ਾਲੀ ਦੱਸ ਰਹੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਦੋਂ ਕੋਈ ਲੋਕ ਭਲਾਈ ਕੰਮਾਂ ਦਾ ਐਲਾਨ ਕਰਦੀ ਹੈ ਤਾਂ ‘ਆਪ’ ਇਨ੍ਹਾਂ ਦਾ ਸਵਾਗਤ ਕਰਦੀ ਹੈ ਪ੍ਰੰਤੂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਰਕਾਰ ਦੇ ਐਲਾਨਾਂ ਨੂੰ ਜੁਮਲੇ ਕਰਾਰ ਦੇ ਰਹੇ ਹਨ।ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਮੁੱਦੇ ਪਿਛਲੇ ਪੌਣੇ ਪੰਜਾਂ ਸਾਲਾਂ ਦੌਰਾਨ ਚੁੱਕਦੀ ਰਹੀ ਹੈ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਨ੍ਹਾਂ ਗੱਲਾਂ ਦੀ ਹੀ ਪ੍ਰੋੜ੍ਹਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਦੀ ਸਰਕਾਰ ਅਤੇ ਹੁਣ ਆਖ਼ਰੀ ਢਾਈ ਮਹੀਨਿਆਂ ਵਿਚ ਚੰਨੀ ਦੀ ਸਰਕਾਰ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਜੁਮਲੇਬਾਜ਼ੀ ਕਰਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ।ਚੀਮਾ ਨੇ ਕਿਹਾ ਮਨਪ੍ਰੀਤ ਬਾਦਲ ਕਰੀਬ 13 ਸਾਲਾਂ ਤੋਂ ਪੰਜਾਬ ਦੇ ਵਿੱਤ ਮੰਤਰੀ ਬਣਦੇ ਆ ਰਹੇ ਹਨ, ਪ੍ਰੰਤੂ ਅਫ਼ਸੋਸ ਮਨਪ੍ਰੀਤ ਬਾਦਲ ਦੇ ਮੂੰਹੋਂ ਇਕ ਵਾਰ ਵੀ ਇਹ ਨਹੀਂ ਨਿਕਲਿਆ ਕਿ ਪੰਜਾਬ ਦਾ ਖ਼ਜ਼ਾਨਾ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਕੱਠੇ ਬੈਠ ਕੇ ਖੁੱਲ੍ਹੇ ਮੰਚ ’ਤੇ ਦੱਸਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਅਸਲ ਹਾਲਤ ਕੀ ਹੈ ਕਿਉਂਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਪਾ ਰਹੇ ਹਨ, ਦੂਜੇ ਪਾਸੇ ਮੁੱਖ ਮੰਤਰੀ ਚੰਨੀ ਰੋਜ਼ ਨਵੇਂ-ਨਵੇਂ ਚੋਣ ਐਲਾਨ ਕਰ ਰਹੇ ਹਨ।

Related posts

ਕੀ ਪੰਜਾਬ ਵਿੱਚ ਹੁਣ ‘ਆਮ ਸਰਕਾਰ’ ਦੀ ਥਾਂ ਕਿਸੇ ‘ਖਾਸ’ ਦੀ ਬਣ ਜਾਵੇਗੀ ?

ਸਕਿਉਰਿਟੀ ਬਹਾਲ ਕਰਾਉਣ ਲਈ ਹਰਭਜਨ ਸਿੰਘ ਹਾਈਕੋਰਟ ਦੀ ਸ਼ਰਣ ‘ਚ

ਆਈਐਸਆਈ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੀ – ਕੇਂਦਰੀ ਮੰਤਰੀ ਰਵਨੀਤ ਬਿੱਟੂ