ਮੋਹਾਲੀ – ਮੁੱਖ ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਚੈਕਅੱਪ ਲਈ ਬੀਤੇ ਕੱਲ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਜਿਸ ਉਪਰੰਤ ਮੁੱਖ ਮੰਤਰੀ ਦੇ ਦਫਤਰ ਵੱਲੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਰਕਾਰੀ ਬਿਆਨ ਸਾਹਮਣੇ ਆਇਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਾਰਟੀ ਦੇ ਵੱਲੋਂ ਇਹੀ ਕਿਹਾ ਗਿਆ ਕਿ ਇਹ ਇੱਕ ਰੈਗੂਲਰ ਚੈੱਕ ਅਪ ਹੈ । ਜਿਸ ਦੇ ਚੱਲਦੇ ਹੋਏ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮੰਤਰੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈ। ਇਸ ਸਮੇਂ ਦੇ ਦੌਰਾਨ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਹਸਪਤਾਲ ਪਹੁੰਚੇ ਹੋਏ ਸਨ। ਇੱਥੇ ਹੀ ਬੱਸ ਨਹੀਂ ਆਮ ਆਦਮੀ ਪਾਰਟੀ ਦੇ ਕੁਝ ਆਗੂ ਵੀ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਚਿੰਤਤ ਹੁੰਦੇ ਹੋਏ ਹਸਪਤਾਲ ਦੇ ਨੇੜੇ ਦੇਖੇ ਗਏ ।
ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਿਕ
ਡਾਕਟਰਾਂ ਨੇ ਆਪਣੀ ਜਾਂਚ ‘ਚ ਪਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਧਮਣੀ ‘ਚ ਸੋਜ ਦੇ ਲੱਛਣ ਹਨ, ਜਿਸ ਕਾਰਨ ਦਿਲ ‘ਤੇ ਦਬਾਅ ਬਣ ਰਿਹਾ ਹੈ। ਜਿਸ ਕਾਰਨ ਬਲੱਡ ਪ੍ਰੈਸ਼ਰ ‘ਚ ਉਤਰਾਅ-ਚੜ੍ਹਾਅ ਆਉਣਾ ਸ਼ੁਰੂ ਹੋ ਜਾਂਦਾ ਹੈ, ਇਸ ਸਬੰਧੀ ਕੁਝ ਹੋਰ ਜਾਂਚ ਹੋਣੀ ਬਾਕੀ ਹੈ ਅਤੇ ਕੁਝ ਹੋਰ ਖੂਨ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਲਈ ਫਿਲਹਾਲ ਰਾਤ ਭਰ ਮੁੱਖ ਮੰਤਰੀ ਡਾਕਟਰਾਂ ਦੀ ਦੇਖ-ਰੇਖ ‘ਚ ਹੀ ਰਹਿਣਗੇ ਅਤੇ ਕੱਲ੍ਹ ਸਵੇਰੇ ਰਿਪੋਰਟ ਦੇਖਣ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।