ਸੰਗਰੂਰ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ ਪਰਿਵਾਰ ਸਮੇਤ ਪਹਿਲੀ ਵਾਰ ਪਿੰਡ ਸਤੌਜ ਪਹੁੰਚੇ ਜਿੱਥੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਦੇ ਸਾਰੇ ਧਾਰਮਿਕ ਸਥਾਨਾਂ ਤੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਚ ਬੈਠ ਕੇ ਲੰਗਰ ਛਕਿਆ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਮੁੱਖ ਮੰਤਰੀ ਜੀ ਦੇ ਨਾਲ ਦਿਖਾਈ ਦਿੱਤੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਆਹ ਸਮਾਗਮਾਂ ਚ ਜਿਆਦਾ ਖ਼ਰਚ ਨਾ ਕਰਨ ਕਿਉਂਕਿ ਬਾਅਦ ਵਿੱਚ ਕਰਜ਼ਾ ਅਦਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਕਿਸਾਨ ਆਤਮਹੱਤਿਆ ਕਰਨ ਲਈ ਮਜਬੂਰ ਹੁੰਦੇ ਹਨ। ਉਹਨਾਂ ਕਿਹਾ ਕਿ ਮੈਂ ਇੱਕ ਹੱਸਦਾ ਖੇਡਦਾ ਪੰਜਾਬ ਚਾਹੁੰਦਾ ਹਾਂ ਇਸ ਲਈ ਖੇਡਾਂ ਚ ਰੁਚੀ ਰੱਖਣ ਵਾਲੇ ਨੌਜਵਾਨ ਅੱਗੇ ਆਉਣ। ਉਹਨਾਂ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤੇ ਜਾਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਬਾਰਿਸ਼ ਦਾ ਮੌਸਮ ਖ਼ਤਮ ਹੁੰਦੇ ਹੀ ਪਿੰਡ ਨਾਲ ਲਗਦੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਵੀ ਵੱਡੇ ਪ੍ਰੋਜੈਕਟ ਆਉਣਗੇ ਉਹਨਾਂ ਦੀ ਸ਼ੁਰੂਆਤ ਮੈਂ ਆਪਣੇ ਪਿੰਡ ਸਤੌਜ ਤੋਂ ਕਰਾਂਗਾ। ਉਹਨਾਂ ਕਿਹਾ ਕਿ ਮੈਂ ਨੌਜਵਾਨਾਂ ਨੂੰ ਨੌਕਰੀ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਉੱਤੇ ਖੜਾ ਕਰਨਾ ਹੈ ਅਤੇ ਪੰਜਾਬ ਵਿੱਚ ਐਗਰੀਕਲਚਰ ਖੇਤੀਬਾੜੀ ਤੇ ਵਪਾਰ ਦਾ ਮਿਆਰ ਵੀ ਉੱਚਾ ਚੁੱਕਣ ਲਈ ਯੋਗ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਬੰਦ ਪਏ ਰੂਟਾਂ ਉੱਤੇ ਜਲਦ ਹੀ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ, ਲੋਕਾਂ ਦੀ ਸਹੂਲਤ ਲਈ ਹਰ ਪਿੰਡ ਵਿੱਚ ਮੁਹੱਲਾ ਕਲੀਨਿਕ ਬਣਾਇਆ ਜਾਵੇਗਾ, ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲੈਣ ਲਈ ਬੈੰਕ ਵਿੱਚ ਜਾਣ ਦੀ ਜਰੂਰਤ ਨਹੀਂ ਹੋਵੇਗੀ ਬਲਕਿ ਬੈੰਕ ਮੁਲਾਜ਼ਮ ਆਪ ਪਿੰਡ ਵਿੱਚ ਜਾਕੇ ਪੈਨਸ਼ਨ ਵੰਡਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਦੇ ਘਰ ਵਧੀਆ ਕੁਆਲਿਟੀ ਵਾਲਾ ਆਟਾ ਪਹੁੰਚਾਇਆ ਜਾਵੇਗਾ ਇਸ ਲਈ ਆਟਾ ਪੀਸਣ ਵਾਲੀਆਂ ਕੰਪਨੀਆ ਦਾ ਉਹ ਖੁਦ ਦੌਰਾ ਕਰਨਗੇ ਤੇ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ।