ਹੜ੍ਹ ਮਾਰੇ ਕਿਸਾਨਾਂ ਨੂੰ ਰਾਹਤ ਦੇਣ ਲਈ ਵਿਸ਼ੇਸ਼ ਫੰਡਾਂ ਦੀ ਵਿਵਸਥਾ ਕੀਤੀ ਜਾਵੇ : ਸੁਖਬੀਰ ਸਿੰਘ ਬਾਦਲ

ਅਬੋਹਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਹਜ਼ਾਰਾਂ ਕਿਸਾਨਾਂ ਜਿਹਨਾਂ ਦੀਆਂ ਫਸਲਾਂ ਤੇ ਬਾਗ, ਭਾਰੀ ਬਰਸਾਤਾਂ ਕਾਰਨ ਤਬਾਹ ਹੋ ਗਏ ਹਨ, ਨੂੰ ਰਾਹਤ ਪ੍ਰਦਾਨ ਕਰਨ ਲਈ ਵਿਸ਼ੇਸ਼ ਫੰਡਾਂ ਦੀ ਵਿਵਸਥਾ ਕਰੇ ਤੇ ਨਾਲ ਹੀ ਪ੍ਰਭਾਵਤ ਇਲਾਕਿਆਂ ਵਿਚੋਂ ਪਾਣੀ ਕੱਢਣ ਵਾਸਤੇ ਢੁਕਵੇਂ ਕਦਮ ਚੁੱਕੇ।
ਅਕਾਲੀ ਦਲ ਦੇ ਆਗੂ ਨੇ ਆਪਣੇ ਕੋਲੋਂ ਹੀ ਲੰਬੀ ਹਲਕੇ ਦੇ ਪੰਦਰਾਂ ਪਿੰਡਾਂ ਵਿਚੋਂ ਪਾਣੀ ਕੱਢਣ ਲਈ ਮੋਟਰ ਪੰਪ ਤੇ ਪਾਈਪਾਂ ਪ੍ਰਦਾਨ ਕੀਤੀਆਂ ਹਨ ਤੇ ਨਾਲ ਹੀ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਤ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਕੀਟਨਾਸ਼ਕਾਂ ਦੇ ਛਿੜਕਾਅ ਵਾਸਤੇ ਮੁਹਿੰਮ ਚਲਾਉਣ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ ਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਾ ਕੋਈ ਵੀ ਪਾਰਟੀ ਵਿਚ ਨਹੀਂ ਰਹੇਗਾ।
ਇਸ ਗੰਭੀਰ ਸੰਕਟ ਵੇਲੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਛੇ ਮੰਤਰੀ ਤੇ ਮੁੱਖ ਮੰਤਰੀ ਆਪ ਜ਼ਿਲ੍ਹੇ ਦਾ ਦੌਰਾ ਕਰ ਚੁੱਕੇ ਹਨ ਪਰ ਹਾਲੇ ਤੱਕ ਵਿਸ਼ੇਸ਼ ਗਿਰਦਾਵਰੀ ਸ਼ੁਰੂ ਨਹੀਂ ਹੋਈ। ਉਹਨਾਂ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਉਹਨਾਂ ਮੈਨੂੰ ਦੱਸਿਆ ਹੈ ਕਿ ਕੋਈ ਵੀ ਰਾਹਤ ਇਸ ਲਈ ਪ੍ਰਦਾਨ ਨਹੀਂ ਕੀਤੀ ਜਾ ਰਹੀ ਕਿਉਂਕਿ ਸਰਕਾਰ ਤੋਂ ਕੋਈ ਹਦਾਇਤ ਨਹੀਂ ਮਿਲੀ। ਉਹਨਾਂ ਮੰਗ ਕੀਤੀ ਕਿ ਸਾਰੇ ਕਿਸਾਨ ਜਿਹਨਾਂ ਦੀਆਂ ਫਸਲਾਂ ਤੇ ਬਾਗ ਭਾਰੀ ਬਰਸਾਤਾਂ ਤੇ ਹੜ੍ਹਾਂ ਕਾਰਨ ਤਬਾਹ ਹੋਏ ਹਨ, ਉਹਨਾਂ ਨੁੰ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਠੇਕੇ ’ਤੇ ਖੇਤੀ ਕਰਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਪਹਿਲ ਕੀਤੀ ਜਾਵੇ ਤੇ ਉਹਨਾਂ ਨੇ ਪਿੰਡ ਰੁਕਣਪੁਰਾ ਖੂਈ ਖੇੜਾ ਦੇ ਠੇਕੇ ’ਤੇ ਖੇਤੀ ਕਰਦੇ ਕਿਸਾਨ ਦਾ ਹਵਾਲਾ ਦਿੱਤਾ ਜਿਸਦੀ 60 ਏਕੜ ਵਿਚ ਖੜ੍ਹੀ ਫਸਲ ਤਬਾਹ ਹੋ ਗਈ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫਸਲ ਤਬਾਹ ਹੋਈ ਹੈ ਤੇ ਉਹਨਾਂ ਦੇ ਕਿੰਨੂਆਂ ਦੇ ਬਾਗ ਘਬਾਹ ਹੋਏ ਹਨ, ਉਹਨਾਂ ਦੇ ਮਜ਼ਦੂਰਾਂ ਦੀ ਹਾਲਾਤ ਵੀ ਬਹੁਤ ਖਰਾਬ ਹੈ। ਉਹਨਾਂ ਦੱਸਿਆ ਕਿ ਦਿਹਾੜੀਦਾਰਾਂ ਨੇ ਉਹਨਾਂ ਕੋਲ ਪਹੁੰਚ ਕੀਤੀ ਹੈ ਤੇ ਦੱਸਿਆ ਹੈ ਕਿ ਫਸਲਾਂ ਤਬਾਹ ਹੋਣ ਕਾਰਨ ਉਹਨਾਂ ਕੋਲ ਕੋਈ ਕੰਮ ਨਹੀਂ ਹੈ ਤੇ ਸਰਕਾਰ ਨੂੰ ਉਹਨਾਂ ਨੁੰ ਰਾਹਤ ਦੇਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਡਰੇਨਾਂ ਦੀ ਸਫਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਸਮੱਸਿਆ ਹੋਰ ਗੰਭੀਰ ਹੋਈ ਹੈ। ਉਹਨਾਂ ਕਿਹਾ ਕਿ ਸੇਮ ਨਾਲਾ ਜੋ ਇਲਾਕੇ ਵਿਚ ਬਣਾਇਆ ਸੀ, ਉਸਦੀ ਸਫਾਈ ਨਹੀਂ ਹੋਈ ਤੇ ਉਹ ਜੰਗਲ ਬਣਿਆ ਪਿਆ ਹੈ। ਉਹਨਾਂ ਨੇ ਅਬੋਹਰ ਸ਼ਹਿਰ ਵਿਚ ਵੀ ਕਈ ਇਲਾਕਿਆਂ ਵਿਚ ਹੜ੍ਹ ਆਉਣ ਦਾ ਹਵਾਲਾ ਦਿੱਤਾ ਤੇ ਦੱਸਿਆ ਕਿ ਸਾਬਕਾ ਪੀ ਸੀ ਸੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇਥੇ ਡਰੇਨੇਜ ਤੇ ਸੀਵਰੇਜ ਪਾਈਪ ਪਾਉਣ ਵੇਲੇ ਹੋਏ ਭ੍ਰਿਸ਼ਟਾਚਾਰ ਕਾਰਨ ਅਜਿਹਾ ਹੋਇਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ 2020 ਵਿਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਅਤੇ ਹੁਣ ਦੂਹਰੀ ਮਾਰ ਪੈ ਗਈ ਹੈ। ਉਹਨਾਂ ਕਿਹਾ ਕਿ ਪੁਰਾਣਾ ਮੁਆਵਜ਼ਾ ਕਿਸਾਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਹਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਵੇਲੇ ਤੋਂ ਬਿਲਕੁਲ ਉਲਟੇ ਹਨ ਕਿਉਂਕਿ ਉਦੋਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨਾ ਸਿਰਫ ਸਮੇਂ ਸਿਰ ਹੜ੍ਹਾਂ ਦੀ ਰੋਕਥਾਮ ਲਈ ਕਦਮ ਚੁੱਕਦੀ ਸੀ ਬਲਕਿ ਕੋਈ ਤ੍ਰਾਸਦੀ ਹੋਣ ’ਤੇ ਰਾਹਤ ਤੁਰੰਤ ਜਾਰੀ ਕਰਦੀ ਸੀ।
ਇਲਾਕੇ ਦੇ ਦੌਰੇ ਦੌਰਾਨ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਅਤੇ ਡਾ: ਮਹਿੰਦਰ ਰਿਣਵਾ, ਜਥੇਦਾਰ ਗੁਰਪਾਲ ਸਿੰਘ, ਹਰਵਿੰਦਰ ਸਿੰਘ ਹੈਰੀ ਅਤੇ ਸਤਿੰਦਰਜੀਤ ਸਿੰਘ ਮੰਟਾ ਅਕਾਲੀ ਦਲ ਦੇ ਪ੍ਰਧਾਨ ਨਾਲ ਸਨ।

Related posts

ਪੰਜਾਬ ਦੇ ਮੁੱਖ-ਮੰਤਰੀ ਹਸਪਤਾਲ ਤੋਂ ਡਿਸਚਾਰਜ

ਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਦਾ ਸਵਾਲ ਬੇਬੁਨਿਆਦ – ਗਿਆਨੀ ਗੁਰਮੁਖ ਸਿੰਘ

ਸੁਪਰੀਮ ਕੋਰਟ ਰਾਜੋਆਣਾ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ