ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਡੀਜੀਪੀ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ।
ਬਲਕੌਰ ਸਿੰਘ ਨੂੰ ਦਿੱਤੀਆਂ ਧਮਕੀਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਨੇ ਕਿਹਾ ਕਿ ਪਹਿਲਾਂ ਵੀ ਸੁਰੱਖਿਆ ਅਤੇ ਖੁਫੀਆ ਤੰਤਰ ਨੂੰ ਲੈ ਕੇ ਵੱਡੀ ਗਲਤੀ ਕਾਰਨ ਅਸੀਂ ਸਿੱਧੂ ਮੂਸੇਵਾਲਾ ਦੀ ਕੀਮਤੀ ਜਾਨ ਗੁਆ ਚੁੱਕੇ ਹਾਂ ਅਤੇ ਇਸ ਵਾਰ ਸਾਨੂੰ ਹੋਰ ਵੀ ਚੌਕਸ ਰਹਿਣ ਦੀ ਲੋੜ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਆਸ ਪ੍ਰਗਟਾਈ ਹੈ ਕਿ ਮਰਹੂਮ ਮੂਸੇਵਾਲਾ ਦੇ ਮਾਪਿਆਂ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਨਹੀਂ ਹੋਣੀ ਚਾਹੀਦੀ ਕਿ ਕੋਈ ਕਿਸੇ ਨੂੰ ਵੀ ਧਮਕੀਆਂ ਦੇਵੇ ਤੇ ਜਾਨੋਂ ਮਾਰ ਦੇਵੇ। ਉਨ੍ਹਾਂ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬੇ ਭਰ ਅੰਦਰ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਸ ਦੌਰਾਨ ਵੜਿੰਗ ਨੇ ਹਿੰਸਾ ਅਤੇ ਕਤਲਾਂ ਵਿੱਚ ਸ਼ਾਮਲ ਲੋਕਾਂ ਨੂੰ ਇਹ ਰਾਹ ਛੱਡ ਕੇ ਆਮ ਜੀਵਨ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਮਾਰ ਕੇ ਤੁਹਾਨੂੰ ਕੁਝ ਨਹੀਂ ਮਿਲਦਾ, ਬਿਹਤਰ ਹੈ ਕਿ ਤੁਸੀਂ ਨਵੀਂ ਜ਼ਿੰਦਗੀ ਸ਼ੁਰੂ ਕਰੋ। ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਵਿਅਕਤੀ ਦੀ ਗਲਤੀ ਨਾਲ ਪੂਰਾ ਪਰਿਵਾਰ ਬਰਬਾਦ ਹੋ ਜਾਂਦਾ ਹੈ।