ਨਾਗਪੁਰ – ਕਾਂਗਰਸ ਨੂੰ ਅਗਲੇ ਕੁਝ ਦਿਨਾਂ ਬਾਅਦ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ। ਕਾਂਗਰਸ ਨੇ ਵੀ ਪ੍ਰਧਾਨ ਦੇ ਅਹੁਦੇ ਲਈ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ ਜਦਕਿ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ 19 ਅਕਤੂਬਰ ਨੂੰ ਕੀਤਾ ਜਾਵੇਗਾ।
ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਭਾਜਪਾ ਸੰਸਦੀ ਬੋਰਡ ਤੋਂ ਹਟਾਏ ਜਾਣ ਤੋਂ ਬਾਅਦ ਨਿਤਿਨ ਗਡਕਰੀ ਦਾ ਬਿਆਨ ਸੁਰਖ਼ੀਆਂ ਵਿੱਚ ਹੈ। ਦਰਅਸਲ, ਨਿਤਿਨ ਗਡਕਰੀ ਨੇ 27 ਅਗਸਤ ਨੂੰ ਨਾਗਪੁਰ ਵਿੱਚ ਉੱਦਮੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਦਿਲਚਸਪ ਘਟਨਾ ਦਾ ਜ਼ਿਕਰ ਕੀਤਾ ਹੈ।
ਗਡਕਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਂਗਰਸ ‘ਚ ਸ਼ਾਮਲ ਹੋਣ ਦੀ ਪੇਸ਼ਕਸ਼ ਮਿਲੀ ਸੀ। ਗਡਕਰੀ ਨੇ ਦੱਸਿਆ ਕਿ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹ ਵਿਦਿਆਰਥੀ ਆਗੂ ਸਨ। ਗਡਕਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਂਗਰਸ ‘ਚ ਸ਼ਾਮਲ ਹੋਣ ਦੀ ਪੇਸ਼ਕਸ਼ ਸ਼੍ਰੀਕਾਂਤ ਜਿਚਕਰ ਤੋਂ ਮਿਲੀ ਸੀ। ਗਡਕਰੀ ਨੇ ਕਿਹਾ, ‘ਮੈਂ ਸ਼੍ਰੀਕਾਂਤ ਨੂੰ ਕਿਹਾ ਸੀ ਕਿ ਮੈਂ ਖੂਹ ‘ਚ ਛਾਲ ਮਾਰ ਕੇ ਮਰ ਜਾਵਾਂਗਾ, ਪਰ ਕਾਂਗਰਸ ‘ਚ ਸ਼ਾਮਲ ਨਹੀਂ ਹੋਵਾਂਗਾ। ਕਿਉਂਕਿ ਮੈਨੂੰ ਕਾਂਗਰਸ ਦੀ ਵਿਚਾਰਧਾਰਾ ਪਸੰਦ ਨਹੀਂ ਹੈ।
ਗਡਕਰੀ ਨੇ ਇਸ ਪ੍ਰੋਗਰਾਮ ‘ਚ ਇਹ ਵੀ ਕਿਹਾ ਕਿ ਕਿਸੇ ਵੀ ਕਾਰੋਬਾਰੀ, ਸਮਾਜ ਸੇਵੀ ਅਤੇ ਨੇਤਾ ਲਈ ਮਨੁੱਖੀ ਰਿਸ਼ਤਾ ਸਭ ਤੋਂ ਵੱਡੀ ਤਾਕਤ ਹੈ। ਇੱਕ ਵਾਰ ਜਦੋਂ ਤੁਸੀਂ ਕਿਸੇ ਦਾ ਹੱਥ ਫੜ ਲੈਂਦੇ ਹੋ ਤਾਂ ਉਸ ਦਾ ਸਾਥ ਨਾ ਛੱਡੋ। ਚਾਹੇ ਉਹ ਦਿਨ ਚੰਗੇ ਹੋਣ ਜਾਂ ਮਾੜੇ। ਚੜ੍ਹਦੇ ਸੂਰਜ ਦੀ ਪੂਜਾ ਨਾ ਕਰੋ।
ਗਡਕਰੀ ਨੇ ਕਿਹਾ ਕਿ ਨੌਜਵਾਨ ਉੱਦਮੀਆਂ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਆਤਮਕਥਾ ਦਾ ਇੱਕ ਵਾਕ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਹਾਰ ਕੇ ਖ਼ਤਮ ਨਹੀਂ ਹੁੰਦਾ, ਪਰ ਜਦੋਂ ਉਹ ਮੈਦਾਨ ਛੱਡਦਾ ਹੈ ਤਾਂ ਖਤਮ ਹੋ ਜਾਂਦਾ ਹੈ।