ਮੋਦੀ ਵਾਈਲਡਲਾਈਫ ਸੈਂਚੁਰੀ ਵਿਖੇ ਸ਼ੇਰ ਦੀ ਸਫਾਰੀ ’ਤੇ ਗਏ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ। (ਫੋਟੋ: ਏ ਐਨ ਆਈ)

ਸਾਸਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਗਿਰ ਵਾਈਲਡਲਾਈਫ ਸੈਂਚੁਰੀ ਵਿਖੇ ਸ਼ੇਰ ਦੀ ਸਫਾਰੀ ’ਤੇ ਗਏ। ਮੋਦੀ ਨੇ ਸੋਮਨਾਥ ਤੋਂ ਆਉਣ ਤੋਂ ਬਾਅਦ ਸਾਸਨ ਵਿੱਚ ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਪ੍ਰਬੰਧਤ ਇੱਕ ਜੰਗਲੀ ਗੈਸਟ ਹਾਊਸ ਸਿੰਘ ਸਦਨ ਵਿੱਚ ਇੱਕ ਰਾਤ ਗੁਜ਼ਾਰੀ, ਜਿਥੇ ਉਨ੍ਹਾਂ ਐਤਵਾਰ ਸ਼ਾਮ ਨੂੰ 12 ਜਯੋਤਿਰਲਿੰਗਾਂ ਵਿੱਚੋਂ ਪਹਿਲੇ ਭਗਵਾਨ ਸ਼ਿਵ ਮੰਦਰ ਵਿੱਚ ਪੂਜਾ ਕੀਤੀ। ਸਿੰਘ ਸਦਨ ਤੋਂ ਪ੍ਰਧਾਨ ਮੰਤਰੀ ਸ਼ੇਰ ਸਫਾਰੀ ’ਤੇ ਗਏ ਇਸ ਦੌਰਾਨ ਉਨ੍ਹਾਂ ਦੇ ਨਾਲ ਕੁਝ ਮੰਤਰੀ ਅਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਗੁਜਰਾਤ ਦੇ ਜੂਨਾਗੜ੍ਹ ਵਿੱਚ ਸਥਿਤ ਗਿਰ ਜੰਗਲੀ ਜੀਵ ਰੱਖ ’ਚ ਸ਼ੇਰ ਦੀ ਸਫਾਰੀ ਦਾ ਆਨੰਦ ਮਾਣਿਆ। ਇਸ ਸਬੰਧੀ ‘ਐਕਸ’ ਉੱਤੇ ਸ੍ਰੀ ਮੋਦੀ ਨੇ ਕਿਹਾ ਕਿ ਸਮੂਹਿਕ ਯਤਨ ਕਾਰਨ ਏਸ਼ਿਆਈ ਸ਼ੇਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਉਨ੍ਹਾਂ ਏਸ਼ਿਆਈ ਸ਼ੇਰਾਂ ਦੇ ਰਹਿਣ ਵਾਲੀ ਥਾਂ ਦੀ ਰਾਖੀ ਲਈ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਕਬਾਇਲੀਆਂ ਤੇ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਲਿਖਿਆ,‘ਅੱਜ ਦੀ ਸਵੇਰ, ਵਿਸ਼ਵ ਜੰਗਲੀ ਜੀਵ ਦਿਵਸ ਮੌਕੇ, ਮੈਂ ਗਿਰ ਵਿੱਚ ਸਫਾਰੀ ’ਤੇ ਗਿਆ, ਜਿਸ ਬਾਰੇ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਏਸ਼ਿਆਈ ਸ਼ੇਰਾਂ ਦਾ ਘਰ ਹੈ। ਗਿਰ ਆਉਣ ਨਾਲ ਮੇਰੇ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਇਸ ਖੇਤਰ ਲਈ ਕੀਤੇ ਕੰਮਾਂ ਦੀ ਵੀ ਯਾਦ ਤਾਜ਼ਾ ਹੋ ਗਈ।’

ਪ੍ਰਧਾਨ ਮੰਤਰੀ ਮੋਦੀ ਨੇ ਜੰਗਲੀ ਜੀਵ ਬਾਰੇ ਕੌਮੀ ਬੋਰਡ ਦੀ ਸੱਤਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਇਸ ਵਰ੍ਹੇ ਮਈ ਵਿੱਚ ਏਸ਼ਿਆਈ ਸ਼ੇਰਾਂ ਦੀ ਗਿਣਤੀ ਕਰਵਾਉਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਤੇ ਹੋਰ ਮੈਂਬਰ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਜੂਨਾਗੜ੍ਹ ਵਿੱਚ ‘ਨੈਸ਼ਨਲ ਰੈਫਰਲ ਸੈਂਟਰ ਫਾਰ ਵਾਈਲਡ ਲਾਈਫ’ ਬਣਾਉਣ ਲਈ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਤਾਮਿਨਨਾਡੂ ਦੇ ਕੋਇੰਬਟੂਰ ’ਚ ‘ਹਿਊਮਨ-ਵਾਈਲਡ ਲਾਈਫ ਕਨਫਲਿਕਟ ਮੈਨੇਂਜਮੈਂਟ’ (ਸੈਕੋਨ) ਸਥਾਪਤ ਕਰਨ ਦਾ ਵੀ ਐਲਾਨ ਕੀਤਾ ਤੇ ਨਦੀਆਂ ’ਚ ਮਿਲਣ ਵਾਲੀਆਂ ਡੌਲਫਿਨਾਂ ਬਾਰੇ ਇੱਕ ਪੁਸਤਕ ਵੀ ਰਿਲੀਜ਼ ਕੀਤੀ।

ਕੇਂਦਰ ਸਰਕਾਰ ਨੇ ਏਸ਼ੀਆਈ ਸ਼ੇਰਾਂ ਦੀ ਸਾਂਭ ਸੰਭਾਲ ਦੇ ਪ੍ਰੋਜੈਕਟ ਲਾਇਨ ਲਈ 2,900 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਹੈ, ਜਿਸ ਲਈ ਗੁਜਰਾਤ ਇੱਕਲੌਤਾ ਨਿਵਾਸ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਵਰਤਮਾਨ ਵਿੱਚ ਏਸ਼ੀਆਈ ਸ਼ੇਰ ਗੁਜਰਾਤ ਦੇ 9 ਜ਼ਿਲ੍ਹਿਆਂ ਵਿੱਚ 53 ਤਾਲੁਕਾਂ ਵਿੱਚ ਲਗਭਗ 30,000 ਵਰਗ ਕਿਲੋਮੀਟਰ ਵਿੱਚ ਰਹਿੰਦੇ ਹਨ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

ਭਾਰਤ ਦੇ ਪਾਰਲੀਮੈਂਟ ‘ਚ ਰਾਹੁਲ ਗਾਂਧੀ ਦੀ ਕਿਸ ਗੱਲ ਨੇ ਹੰਗਾਮਾ ਖੜ੍ਹਾ ਕਰ ਦਿੱਤਾ ?