ਮੁੱਢਲੀ ਜਾਣਕਾਰੀ ਅਨੁਸਾਰ ਪੁਲੀਸ ਨੇ ਦੋ ਗੈਂਗਸਟਰਾਂ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਗੈਂਗਸਟਰ ਖਰੜ ਵੱਲ ਭੱਜ ਕੇ ਬਲੌਂਗੀ ਪਹੁੰਚ ਗਏ। ਇੱਥੇ ਗੈਂਗਸਟਰ ਬਾਲ ਗੋਪਾਲ ਗਊਸ਼ਾਲਾ ਵਿੱਚ ਦਾਖਲ ਹੋ ਗਏ। ਜਦੋਂ ਪੁਲੀਸ ਟੀਮ ਪਿੱਛਾ ਕਰਨ ਪੁੱਜੀ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਬਚਾਅ ‘ਚ ਗੋਲੀਆਂ ਚਲਾਈਆਂ। ਇਸ ਦੌਰਾਨ ਗੋਲੀ ਲੱਗਣ ਨਾਲ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਉਸ ਨੂੰ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਵਜੋਂ ਹੋਈ ਹੈ। ਉਸ ਦੇ ਇੱਕ ਹੋਰ ਸਾਥੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਗਊਸ਼ਾਲਾ ਨੂੰ ਸੀਲ ਕਰ ਦਿੱਤਾ ਹੈ। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਫੋਰੈਂਸਿਕ ਟੀਮ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਡੀਐਸਪੀ ਗੁਰਸ਼ੇਰ ਸਿੰਘ ਅਤੇ ਸੀਆਈਏ ਖਰੜ ਦੇ ਇੰਚਾਰਜ ਸ਼ਿਵਕੁਮਾਰ ਦੀ ਅਗਵਾਈ ਵਿੱਚ ਟੀਮ ਗੈਂਗਸਟਰਾਂ ਨੂੰ ਫੜਨ ਲਈ ਪਹੁੰਚੀ ਸੀ। ਪੁਲਿਸ ਗੁਰਦਾਸਪੁਰ ਦੇ ਬਟਾਲਾ ਤੋਂ ਗੈਂਗਸਟਰ ਸ਼ਰਨਜੀਤ ਸਿੰਘ ਦਾ ਪਿੱਛਾ ਕਰ ਰਹੀ ਸੀ। ਰਸਤੇ ਵਿੱਚ ਸ਼ਰਨਜੀਤ ਸਿੰਘ ਕਈ ਨਾਕੇ ਤੋੜ ਕੇ ਮੋਹਾਲੀ ਪਹੁੰਚ ਗਿਆ। ਇਸ ’ਤੇ ਬਟਾਲਾ ਪੁਲੀਸ ਨੇ ਮੁਹਾਲੀ ਪੁਲੀਸ ਨਾਲ ਸੰਪਰਕ ਕੀਤਾ ਅਤੇ ਫਿਰ ਸੀਆਈਏ ਖਰੜ ਦੀ ਟੀਮ ਨੇ ਪਿੱਛਾ ਕੀਤਾ। ਸੀਆਈਏ ਟੀਮ ਵੱਲੋਂ ਪਿੱਛਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਗੱਡੀ ਬਲੌਂਗੀ ਵੱਲ ਮੋੜ ਲਈ।